ਸੂਹੇ ਅਲਫ਼ਾਜ਼

5/5 - (1 vote)

ਪੁਸਤਕ ਰੀਵਿਊ
ਲੇਖਕਾ: ਇੰਦੂ ਬਾਲਾ ਲੁਧਿਆਣਵੀ
ਕਿਤਾਬ: ਸੂਹੇ ਅਲਫ਼ਾਜ਼
ਪ੍ਰਕਾਸ਼ਕ: ਹਰਸਰ ਪਬਲੀਕੇਸ਼ਨਜ਼,ਲੁਧਿਆਣਾ
ਕੀਮਤ: 200
ਲੇਖਕਾ ਇੰਦੂ ਬਾਲਾ ਲੁਧਿਆਣਵੀ ਇੱਕ ਬਹੁਤ ਹੀ ਵਧੀਆ ਲੇਖਕਾ ਹੈ। ਉਹਨਾਂ ਦੀਆਂ ਲਿਖਤਾਂ ਵਿੱਚ ਪ੍ਰੋੜਤਾ ਤੇ ਪਰਪੱਕਤਾ ਦੇ ਨਾਲ-ਨਾਲ ਸੱਚਾਈ ਅਤੇ ਸਮੇਂ ਦੀ ਸਾਰਥਿਕਤਾ ਵੀ ਹੈ। ਉਹਨਾਂ ਦੀ ਕਿਤਾਬ ‘ਸੂਹੇ ਅਲਫ਼ਾਜ਼ ‘ ਜਿਸਨੂੰ ਹਰਸਰ ਪਬਲੀਕੇਸ਼ਨਜ਼ ਵਲੋਂ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਛਾਪਿਆ ਗਿਆ ਹੈ। ਪੰਜਾਬੀ ਭਵਨ ਲੁਧਿਆਣਾ ਵਿਖੇ ਇਸਦੀ ਘੁੰਡ ਚੁਕਾਈ ਕੀਤੀ ਗਈ। ਇਸ ਕਿਤਾਬ ਦੀ ਘੁੰਢ ਚੁਕਾਈ ਬਹੁਤ ਹੀ ਸਨਮਾਨਯੋਗ ਹਸਤੀਆਂ ਵਲੋਂ ਕੀਤੀ ਗਈ।
ਜਦੋਂ ਇਹ ਕਿਤਾਬ ਮੇਰੇ ਹੱਥਾਂ ਵਿੱਚ ਆਈ ਤਾਂ ਇਸ ਨੂੰ ਖੋਲ੍ਹ ਕੇ ਸੱਭ ਤੋਂ ਪਹਿਲਾਂ ਜੋ ਸ਼ਬਦ ਮੈਂ ਪੜ੍ਹੇ ਓਹਨਾਂ ਨੂੰ ਪੜ੍ਹ ਕੇ ਰੂਹ ਖ਼ੁਸ਼ ਹੋ ਗਈ। ਉਹ ਸ਼ਬਦ ਸਮਰਪਣ ਦੇ ਸਨ ਜਿਸ ਵਿੱਚ ਲਿਖਿਆ ਹੈ “ਪੰਜਾਬ ਵਿੱਚ ਵਸਦੇ ਹਰ ਪੰਜਾਬੀ ਨੂੰ ਜੋ ਪੰਜਾਬੀ ਨੂੰ ਦਿਲੋਂ ਪਿਆਰ ਕਰਦਾ ਹੈ।”
ਇਸ ਕਿਤਾਬ ਦਾ ਮੁੱਖ ਬੰਦ ਸਿਮਰਨ ਧੁੱਗਾ ਜੀ ਨੇ ਲਿਖਿਆ ਹੈ ਜੋ ਅਦਾਰਾ ਸ਼ਬਦ ਕਾਫ਼ਲਾ ਦੇ ਸਰਪ੍ਰਸਤ ਹਨ।
ਇਸ ਕਿਤਾਬ ਵਿਚ ਇੰਦੂ ਬਾਲਾ ਜੀ ਦੀਆਂ 83 ਕਵਿਤਾਵਾਂ ਹਨ ਤੇ ਇਹ ਸਾਰੀਆਂ ਹੀ ਕਵਿਤਾਵਾਂ ਇਕ ਤੋਂ ਵੱਧ ਕੇ ਇੱਕ ਹਨ। ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਲਿਖ ਕੇ ਸੋਹਣੀ ਸ਼ੁਰੂਆਤ ਕੀਤੀ ਹੈ। ਅੱਗੇ ਉਹਨਾਂ ਨੇ ਹੋਰ ਬਹੁਤ ਰੰਗ ਪੇਸ਼ ਕੀਤੇ ਹਨ ਜਿਵੇਂ ਮੈਂ ਪੰਜਾਬੀ ਹਾਂ, ਰੱਬ ਦੀ ਲੋੜ, ਰੂਹ ਦਾ ਰਿਸ਼ਤਾ, ਇਨਸਾਨ, ਝੂਠ ਆਦਿ।
ਕੁਦਰਤ ਦੇ ਰੰਗ, ਰੁੱਖ ਲਗਾਓ, ਜੀਵਨ ਬਚਾਓ, ਪੰਛੀ ਆਦਿ ਕਵਿਤਾਵਾਂ ਰਾਹੀਂ ਉਹਨਾਂ ਦੀ ਕੁਦਰਤ ਨਾਲ ਸਾਂਝ ਬਾਰੇ ਪਤਾ ਲਗਦਾ ਹੈ। ਰਿਸ਼ਤਿਆਂ ਵਿੱਚ ਉਹਨਾਂ ਨੇ ਮਾਂ ਬੋਲੀ, ਧੀ ਪੰਜਾਬਣ, ਵੱਡੀਆਂ ਭੈਣਾਂ, ਮੇਰੇ ਪਿਤਾ ਜੀ, ਮਾਂ ਮੇਰੀ ਆਦਿ ਕਵਿਤਾਵਾਂ ਲਿਖੀਆਂ ਹਨ ਜਿਹਨਾਂ ਵਿੱਚੋਂ ਰਿਸ਼ਤਿਆਂ ਦਾ ਨਿੱਘ ਤੇ ਅਪਣੱਤ ਝਲਕਦੀ ਹੈ।
ਇੰਦੂ ਬਾਲਾ ਜੀ ਪੰਜਾਬ ਤੇ ਪੰਜਾਬੀ ਮਾਂ ਬੋਲੀ ਹਾਲ ਨੂੰ ਦੇਖ ਕੇ ਦਰਦ ਵਿੱਚ ‘ਬੁੱਲ੍ਹਿਆ ਲੁੱਟੀ ਗਈ ਪੰਜਾਬੀ’ ਅਤੇ ‘ਪੰਜਾਬ ਦਾ ਹਾਲ’ ਲਿਖਦੇ ਹਨ। ਬਹੁਤ ਸਾਰੀਆਂ ਕਵਿਤਾਵਾਂ ਪਿਆਰ ‘ਚ ਭਿੱਜੀਆਂ ਹੋਈਆਂ ਹਨ ਤੇ ਕਈਆਂ ‘ਚੋਂ ਦਰਦ ਵੀ ਝਲਕ ਰਿਹਾ ਹੈ। ਪਤੰਗ ਕਵਿਤਾ ਸਾਡੇ ਤਿਉਹਾਰਾਂ ਤੇ ਝਾਤ ਪਾਉਂਦੀ ਹੈ। ਕਵਿਤਰੀ ਕੁੱਝ ਗੱਲਾਂ ਨੂੰ ਭੁੱਲ ਕੇ ਵਿਸਾਰ ਦੇਣਾ ਬਿਹਤਰ ਸਮਝਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਾਤਾ ਗੁਜਰੀ ਅਤੇ ਛੋਟੇ ਲਾਲ ਕਵਿਤਾ ਰਾਹੀਂ ਸਾਡੇ ਮਹਾਨ ਇਤਿਹਾਸ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀ ਸਾਰੀਆਂ ਰਚਨਾਵਾਂ ਕਾਬਲ-ਏ- ਤਾਰੀਫ਼ ਹਨ।
ਸੂਹੇ ਅਲਫ਼ਾਜ਼ ਵਾਕਿਆ ਹੀ ਸੂਹੇ ਅਲਫ਼ਾਜ਼ਾਂ ਨਾਲ ਸ਼ਿੰਗਾਰੇ ਹੋਏ ਰੰਗ-ਬਿਰੰਗੇ ਰੰਗ ਹਨ। ਇਸ ਕਿਤਾਬ ਵਿਚ ਉਹਨਾਂ ਨੇ ਹਰ ਤਰ੍ਹਾਂ ਦੇ ਮੋਤੀਆਂ ਨਾਲ ਇੱਕ ਮਾਲਾ ਨੂੰ ਪ੍ਰੋਇਆ ਹੈ। ਸੋ ਬਹੁਤ ਹੀ ਵਧੀਆ ਕਿਤਾਬ ਹੈ। ਫੁੱਲਾਂ ਦਾ ਗੁਲਦਸਤਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਫੁੱਲ ਹਨ। ਇਹ ਕਿਤਾਬ ਪੜ੍ਹ ਕੇ ਮੈਨੂੰ ਬਹੁਤ ਆਨੰਦ ਆਇਆ। ਉਮੀਦ ਹੈ ਕਿ ਇੰਦੂ ਬਾਲਾ ਜੀ ਹੋਰ ਵੀ ਨਵੀਆਂ ਕਿਤਾਬਾਂ ਸਾਹਿਤ ਦੀ ਝੋਲੀ ਵਿੱਚ ਪਾਉਣਗੇ। ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਉਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ। ਉਹਨਾਂ ਦੀ ਕਲਮ ਬੁਲੰਦੀਆਂ ਨੂੰ ਛੂਹੇ। ਇਸਦੇ ਨਾਲ ਹੀ ਹਰਸਰ ਪਬਲੀਕੇਸ਼ਨਜ਼ ਨੂੰ ਵੀ ਬਹੁਤ-ਬਹੁਤ ਵਧਾਈ ਤੇ ਸ਼ੁਭਕਾਮਨਾਵਾਂ।

merejazbatt

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059.

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment