ਕੋਈ ਉਤਸਵ ਨਈ ਗੁਲਾਮਾਂ ਦਾ,ਦੁਸ਼ਮਣ ਦੇ ਸੋਹਲੇ ਗਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ,ਮੂਰਖ਼ ਜਸ਼ਨ ਮਨਾਉਂਦੇ ਨੇ………………
ਤਿਉਹਾਰ ਦਾ ਮਤਲਵ ਹਾਰ ਹੁੰਦੀ,ਇਹ ਫਿਰ ਵੀ ਜਸ਼ਨ ਮਨਾਉਂਦੇ ਨੇ।
ਥੋਪੇ ਤਿਉਹਾਰ ਜੋ ਸ਼ਾਸਕ ਨੇ,ਤੰਨ-ਮਨ ਦੇ ਨਾਲ ਨਿਭਾਉਂਦੇ ਨੇ।
ਅਕਲਾਂ ਦੇ ਵਾਜੋਂ ਖੂਹ ਖ਼ਾਲੀ,ਇਹਨਾਂ ਆਪਣੇ ਯਾਦ ਨਾਂ ਆਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ……………………
ਜੋ ਕਾਤਲ ਸਾਡੇ ਪੁਰਖਿਆਂ ਦੇ,ਸਾਡੇ ਲੋਕਾਂ ਰੱਬ ਬਣਾ ਲਏ ਨੇ।
ਦੁਸ਼ਮਣ ਦੇ ਖ਼ੇਮੇ ਵਿੱਚ ਬਹਿ ਕੇ,ਇਹਨਾਂ ਆਪਣੇ ਰੱਬ ਭੁਲਾ ਲਏ ਨੇ।
ਇਹ ਆਉਂਣ ਵਾਲੀਆਂ ਨਸਲਾਂ ਦੇ,ਖ਼ੁਦ ਤੇਲ ਜੜ੍ਹਾਂ ਵਿੱਚ ਪਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ……………………
ਹੱਡ ਬੀਤੀ ਕੀ ਏ ਰਹਿਬਰਾਂ ਦੀ,ਸੰਘਰਸ਼ ਕਿਸੇ ਨੂੰ ਯਾਦ ਨਈ।
ਇਹ ਕਰਮਾਂ ਕਾਡਾਂ ਵਿੱਚ ਰੁੜ ਗਏ,ਏਸੇ ਲਈ ਹੋਏ ਆਜ਼ਾਦ ਨਈ।
ਇਹ ਨਰਕ-ਸੁਰਗ ਦੀ ਭਾਲ ਅੰਦਰ,ਸਭ ਅੱਡੀਆਂ ਪਏ ਘਸਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ……………………
ਜਿਹੜੇ ਖਾਂਦੇ ਆਪਣੇ ਪੁਰਖਿਆਂ ਦਾ,ਅੱਗੇ ਪੂਛ ਹਿਲਾਉਂਦੇ ਗੈਰਾਂ ਦੇ।
ਉਹ ਪੱਕਿਆਂ ਕਰਨ ਗ਼ੁਲਾਮੀ ਨੂੰ,ਵਿੱਚ ਬਹਿ ਦੁਸ਼ਮਣ ਦੇ ਪੈਰਾਂ ਦੇ।
ਅਕਿ੍ਤਘਣ ਗ਼ੱਦਾਰ ਉਹ ਆਪਣੇ,ਘਰ ਨੂੰ ਲਾਂਬੂ ਲਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ…………………….
ਤੱਕ ਜਵਰ ਜ਼ੁਲਮ ਨੂੰ ਲੋਕ ਜਿਹੜੇ ਵੀ,ਗੂੰਗੇ ਬਣ ਕੇ ਰਹਿੰਦੇਂ ਨੇ।
ਭੱਠ ਸੇਕਣ ਸਦਾ ਗ਼ੁਲਾਮੀ ਦਾ,ਉਹ ਨਰਕ ਭੋਗਦੇ ਰਹਿੰਦੇ ਨੇ।
ਉਹ ਭਾਰ ਧਰਤ ਤੇ ਹੁੰਦੇ ਨੇ,ਭਾਵੇਂ ਇਨਸਾਨ ਕਹਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ……………………
ਸਰਵੰਸ ਵਾਰਤੇ ਪੁਰਖਿਆਂ ਨੇ,ਸਾਡਾ ਜੀਵਨ ਸੁਰਗ ਬਣਾਉਂਣ ਲਈ।
ਪਰ ਭੀੜ ਨਾਂ ਜਾਗੀ ਮੁਰਦਿਆਂ ਦੀ,ਤਾਨਾਂਸਾਹੀ ਨੂੰ ਨੱਥ ਪਾਉਣ ਲਈ।
ਬੁੱਧੀਜੀਵੀ ਚਿੰਤਤ ਅੱਜ ਵੀ ਸਾਨੂੰ,ਸ਼ੀਸ਼ਾ ਪਏ ਦਿਖਾਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ…………………….
ਜੇ ਅਣਖ ਕੌਮ ਦੀ ਮਰ ਜਾਵੇ,ਉਥੇ ਖ਼ੁਆਬ ਨਾਂ ਆਉਂਣ ਬਗਾਵਤ ਦੇ।
ਉਥੇ ਮੁਰਦੇ ਰੋਟੀ ਖਾਂਦੇ ਨੇ,ਦਿਨ ਕੱਟਦੇ ਵਿੱਚ ਜ਼ਲਾਲਤ ਦੇ।
ਹਰਦਾਸਪੁਰੀ ਉਹ ਲੋਕ ਕਦੇ ਨਾਂ,ਆਪਣੇ ਰਾਜ ਲਿਆਉਂਦੇ ਨੇ।
ਇਹ ਆਪਣੇ ਪੁਰਖਿਆਂ ਦੀ ਮੌਤ ਦੇ, ਮੂਰਖ਼ ਜਸ਼ਨ ਮਨਾਉਂਦੇ ਨੇ………………
ਮਲਕੀਤ ਹਰਦਾਸਪੁਰੀ ਗਰੀਸ,ਫੋਨ-00306947249768