ਸਾਉਣ ਮਹੀਨਾ

5/5 - (5 votes)

ਸਾਉਣ ਮਹੀਨਾ
ਸਾਉਣ ਮਹੀਨੇ ਚੜ੍ਹਨ ਘਟਾਵਾਂ,
ਬੱਦਲ ਛਮ ਛਮ ਵਰ੍ਹਦਾ ਏ।
ਵਿੱਚ ਅਸਮਾਨਾਂ ਬਿਜਲੀ ਲਸ਼ਕੇ,
ਹਰ ਕੋਈ ਉਸ ਤੋਂ ਡਰਦਾ ਏ।
ਮੋਰ ਕਲੈਹਰੀ ਪੈਲਾਂ ਪਾਉਂਦੇ,
ਬਾਗੀ ਕੋਇਲਾਂ ਕੂਕਦੀਆਂ।
ਖੇਤਾਂ ਦੇ ਵਿੱਚ ਨੱਚਣ ਬਹਾਰਾਂ,
ਹਵਾਵਾਂ ਠੰਡੀਆਂ ਸ਼ੂਕਦੀਆਂ।
ਹਰ ਪਾਸੇ ਹਰਿਆਲੀ ਦਿਸਦੀ,
ਮੌਸਮ ਸੋਹਣਾ ਲੱਗਦਾ ਏ,
ਨੀਲਾ ਨੀਲਾ ਅੰਬਰ ਬੱਚਿਓ,
ਨਾਲ ਤਾਰਿਆਂ ਫੱਬਦਾ ਏ।
ਘਰ ਘਰ ਅੰਦਰ ਪੂੜੇ ਪੱਕਣ,
ਨਾਲੇ ਖੀਰਾਂ ਪੱਕਦੀਆਂ।
ਰਲ ਤ੍ਰਿੰਜਣੀ ਬੈਠਣ ਕੁੜੀਆਂ,
ਤੀਆਂ ਦੇ ਵਿੱਚ ਨੱਚਦੀਆਂ।
ਪਿੱਪਲਾਂ ਉੱਤੇ ਪੀਘਾਂ ਝੂਟਣ,
ਇੱਕ ਦੂਜੀ ਨੂੰ ਛੇੜਦੀਆਂ।
ਸੱਜ ਵਿਆਹੀਆਂ ਪੱਲੇ ਅੰਦਰ,
ਨੈਣਾਂ ਦੇ ਬੂਹੇ ਭੇੜਦੀਆਂ।
ਸਾਉਣ ਮਹੀਨਾ ਖੁਸ਼ੀਆਂ ਭਰਿਆ,
ਕੁਦਰਤ ਵੀ ਨਸ਼ਿਆਉਂਦੀ ਹੈ।
ਪੱਤੋ, ਵਿਛੜੀਆਂ ਰੂਹਾਂ ਤਾਂਈ,
ਸੱਚੇ ਮੇਲ ਮਿਲਾਉਂਦੀ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Leave a Comment