ਇਸ਼ਕ ਮੇਰੇ ਨਾਲ ਹੁਸਨ ਤੇਰੇ ਦੀ
ਜੇਕਰ ਯਾਰੀ ਹੋ ਜਾਵੇ,
ਸਹੁੰ ਰੱਬ ਦੀ ਇਹ ਭੈੜੀ ਦੁਨੀਆਂ
ਪਿਆਰੀ ਪਿਆਰੀ ਹੋ ਜਾਵੇ।
ਗੈਰਾਂ ਦੀ ਮਹਿਫਲ ਵਿੱਚ ਬਹਿ ਕੇ
ਹਾਸੇ ਸਦਾ ਬਿਖੇਰੇਂ ਤੂੰ,
ਛੋਟੀ ਜਿਹੀ ਮੁਸਕਾਨ ਕਦੇ ਤਾਂ
ਸਾਡੇ ਵਾਰੀ ਹੋ ਜਾਵੇ।
ਜਾਂਦਿਆ ਸੱਜਣਾਂ, ਆਵਣ ਲੱਗਿਆਂ
ਬਹੁਤੀ ਦੇਰ ਨਾ ਲਾ ਦੇਵੀਂ,
ਇਹ ਨਾ ਹੋਵੇ ਤੂੰ ਆਵੇਂ
ਤੇ ਸਾਡੀ ਤਿਆਰੀ ਹੋ ਜਾਵੇ।
ਅੱਖੀਆਂ ਦੇ ਇਸ ਵਣਜ ਦੇ ਵਿੱਚੋਂ
ਕੁਝ ਨਾ ਕੁਝ ਤਾਂ ਖੱਟਾਂਗੇ,
ਹੋ ਸਕਦਾ ਜੇ ਦਰਦ ਵੀ ਮਿਲ ਗਿਆ
‘ਗੋਪੀ’ ਲਿਖਾਰੀ ਹੋ ਜਾਵੇ।
ਗੋਪੀ ਮੋਗੇ ਵਾਲਾ