ਹਨੇਰੀ ਰਾਤ

Rate this post

ਹਨ੍ਹੇਰੀ ਰਾਤ ਨੂੰ,,
ਬੱਦਲਾਂ ਦਾ ਸੀਨਾ ਚੀਰ ਚੰਨ ਨੇ ਮੂੰਹ ਬਾਹਰ ਕੱਢਿਆ,,
ਸਾਰੇ ਪਾਸੇ ਧੁੰਦ ਹੀ ਧੁੰਦ ਸੀ,,
ਠੰਡ ਐਨੀ ਕੇ ਹੱਥ ਪੈਰ ਸੁੰਨ ਹੋ ਜਾਣ,,
ਪਰ ਚੰਨ ਦੇ ਮੂੰਹ ਕੱਢਦਿਆ ਹੀ ਰਾਤ ਚਾਨਣੀ ਹੋ ਗਈ…!

ਇੱਕ ਨਿਗ੍ਹਾ ਚੰਨ ਨੇ ਧਰਤੀ ਤੇ ਮਾਰੀ
ਤੇ ਕੰਬ ਗਿਆ ||

ਚੰਨ ਦਾ ਡਰ ਵੇਖ ਵਗਦੀ ਠੰਡੀ ਹੱਡ ਚੀਰਦੀ ਹਵਾ
ਨੇ ਪੁੱਛਿਆ,, ਕੀ ਹੋਇਆ ਵੀਰਾ??

ਭੈਣ,, ਪੋਹ ਦੀ ਏੰਨੀ ਠੰਡੀ ਰਾਤ ਚ ਕਿਸੇ ਨੂੰ ਬਾਹਰ ਦੇਖਿਆ,,
ਇੱਕ ਬੜੀ ਉੱਚੀ ਇਮਾਰਤ ਆ,,
ਜਿਸਦੇ ਆਸੇ ਪਾਸੇ ਦੂਰ ਤੱਕ ਪਾਣੀ ਛੱਡਿਆ ਹੋਇਆ,,

ਹਾਂ ਹਾਂ ਮੈਂ ਵੀ ਓਧਰੋਂ ਹੀ ਲੰਘ ਕੇ ਆਈ ਆਂ,,
ਮੈਨੂੰ ਵੀ ਦੋਸ਼ੀ ਬਣਾ ਦਿੱਤਾ ਜਾਲਮਾਂ,,
ਉਹ ਉਸ ਇਮਾਰਤ ਦੇ ਦੁਆਲੇ ਪਾਣੀ ਤਾਂ ਛੱਡਿਆ ਗਿਆ,,
ਤਾਂ ਕੇ ਉਥੋਂ ਲੰਘਣ ਲੱਗਿਆਂ ਪਾਣੀ ਸੰਗ ਰਲ਼
ਮੈਂ ਏੰਨੀ ਠੰਡੀ ਹੋ ਜਾਵਾਂ,, ਕੇ ਉਸ ਇਮਰਾਤ ਚ
ਬਿਨ੍ਹਾਂ ਕੰਬਲ ਤੋਂ ਬੈਠੇ… ਏੰਨੀ ਗੱਲ ਕਰਦਿਆਂ ਹਵਾ ਦੇ
ਹੰਝੂ ਨਿਕਲ ਆਏ ||

ਹਾਂ ਭੈਣੇ ਸਮਝ ਗਿਆ ਤਾਂ ਕੇ ਉਸ ਚ ਬੈਠੇ 2 ਮਾਸੂਮ
ਤੇ
ਉਹਨਾਂ ਦੀ ਬਜ਼ੁਰਗ ਦਾਦੀ ਹੌਂਸਲਾ ਛੱਡ ਜਾਣ ||

ਦੋਵਾਂ ਦੀ ਗੱਲ ਸੁਣ ਬੱਦਲ ਬੋਲਿਆ,,
ਇਹ ਹੋਂਸਲਾ ਨਹੀਂ ਛੱਡਣਗੇ,,
ਮੈਂ ਏਹਨਾਂ ਨੂੰ ਪੀੜੀਆਂ ਤੋਂ ਜਾਣਦਾ..
ਏਹਨਾਂ ਮਾਸੂਮਾਂ ਦਾ ਦਾਦਾ ਜੰਝੂ ਜਿਉਂਦੇ ਰੱਖਣ ਲਈ
ਚਾਂਦਨੀ ਚੌਂਕ ਕੁਰਾਬਾਨੀ ਦੇ ਗਿਆ ਸੀ,,
ਪਰ ਹੋਂਸਲਾ ਨਹੀਂ ਸੀ ਛੱਡਿਆ ||

ਇੱਕ ਮਿੰਟ ਵੱਡੇ ਬਾਈ ਮਤਲਬ ਹਿੰਦੂ ਧਰਮ ਦੀ
ਰਾਖ਼ੀ ਲਈ ਏਡੀ ਵੱਡੀ ਕੁਰਾਬਾਨੀ ||

ਹਾਂ ਨਿੱਕੀਏ ਇਹ ਸਿੱਖ ਲੋਕ ਆ,, ਇਹ ਜਾਤ ਪਾਤ ਨਹੀਂ,
ਇਨਸਾਨੀਅਤ ਦੇਖਦੇ ਆ.
ਇਹਨਾਂ ਦਾ ਵੱਡਾ ਸਰਬੱਤ ਦਾ ਭਲਾ ਮੰਗਣਾ ਸਿਖਾ ਕੇ ਗਿਆ ਸੀ . ਬੱਦਲ ਫ਼ੇਰ ਬੋਲਿਆ ||

ਪਰ ਬਾਈ ਮੈਂ ਤਾਂ ਹਵਾ ਥਾਂ ਥਾਂ ਘੁੰਮਦੀ ਰਹਿਨੀ ਆਂ,,
ਕੱਲ੍ਹ ਦੇਖਿਆ ਆਹ ਨੇੜੇ ਜਗ੍ਹਾ ਇੱਕ,, ਚਮਕੌਰ,,
ਉੱਥੇ ਉਸ ਕੁਰਬਾਨੀ ਦੇਣ ਵਾਲੇ ਦੇ ਪੁੱਤਰ ਨੂੰ
ਨੂੰ ਉਸਦੇ ਦੋ ਪੁੱਤਰਾਂ ਤੇ 40 ਭੁੱਖੇ ਸਿੰਘਾਂ ਸਮੇਤ ਘੇਰਾ ਪਿਆ
ਹੋਇਆ ਸੀ,,!

ਅੱਛਾ ਭੈਣੇ.. ਚੰਨ ਬੋਲਿਆ ||

ਤੈਨੂੰ ਪਤਾ ਵੀਰੇ ? ਘੇਰਾ ਪਾਉਣ ਵਾਲਿਆਂ ਵਿੱਚ ਪਹਾੜੀ
ਰਾਜੇ ਵੀ ਸ਼ਾਮਿਲ ਸਨ, ਜਿਨ੍ਹਾਂ ਦੇ ਤਿਲਕ ਜੰਝੂ ਦੀ
ਰਾਖ਼ੀ ਖ਼ਾਤਿਰ ਕੁਰਬਾਨੀ ਦਿੱਤੀ ਸੀ ||

ਉਹ ਅਗਰਿੱਤਘਣ ਲੋਕ ਸਨ,
ਅਕਰਿੱਤਘਣ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ,
ਤੈਨੂੰ ਪਤਾ ਨਿੱਕੀਏ,,
ਉਹਨਾਂ ਘੇਰਾ ਪਾਉਣ ਵਾਲਿਆਂ ਦੇ ਬਜ਼ੁਰਗਾਂ ਨੂੰ
ਏਹਨਾਂ ਠੰਡੇ ਬੁਰਜ ਚ ਬੈਠੇ ਮਸੂਮਾਂ ਦਾ ਪੜ੍ਹਦਾਦਾ
ਗਵਾਲੀਅਰ ਦੀ ਜੇਲ੍ਹ ਚੋਂ,, ਜਹਾਂਗੀਰ ਦੀ ਕੈਦ
ਚੋਂ ਛੱਡਵਾ ਕੇ ਲਿਆਇਆ ਸੀ ||

ਜੇ ਉਹ 52 ਰਾਜੇ, ਨਾ ਛੜਵਾ ਕੇ ਲਿਓਂਦੇ
ਏਹਨਾਂ ਰਾਜਿਆਂ ਅੱਜ ਹੋਣਾ ਨਹੀਂ ਸੀ,,
ਏਹਨਾਂ ਦੇ ਬਜ਼ੁਰਗ ਮਰ ਗਏ ਹੁੰਦੇ ਤੜਫ ਤੜਫ ਕੇ,,
ਪਰ ਇਹ ਭੁੱਲ ਗਏ ਉਸ ਕੁਰਬਾਨੀ ਨੂੰ ||

ਚੰਨ ਨੇ ਇੱਕ ਨਿਗ੍ਹਾ ਧੁੰਦ ਨੂੰ ਚੀਰ ਕੇ
ਹੋਰ ਧਰਤੀ ਤੇ ਮਾਰੀ ਤੇ ਇਸ ਵਾਰ ਉਹ ਰੋ ਪਿਆ,,

ਹਵਾ ਬੋਲੀ ਹਏ ਹਏ ਵੀਰੇ ਕੀ ਹੋਇਆ?

ਭੈਣੇ ਤੈਨੂੰ ਪਤਾ ਮੈਂ ਕੀ ਦੇਖਿਆ??

ਏਹਨਾਂ ਮਸੂਮਾਂ ਦਾ ਪਿਤਾ, ਆਪਣੇ ਪੁੱਤਰ ਵਾਰ ਕੇ
40 ਸਿੰਘਾਂ ਦੀਆ ਲਾਸ਼ਾ ਤੇ ਬਗੈਰ ਹੰਝੂ ਡੋਹਲੇ… ਲੰਘ ਕੇ
ਨੰਗੇ ਪੈਰੀਂ ਮਾਛੀਵਾੜੇ ਕੰਡਿਆਂ ਤੇ ਸੁੱਤਾ ਪਿਆ ਮੁਸਕਰਾ ਰਿਹਾ||
ਭੈਣ ਬਣਕੇ ਤੂੰ ਖੜਕਾ ਨਾ ਕਰੀਂ,,
ਕਿਤੇ ਉਸ ਚੋਜੀ ਪ੍ਰੀਤਮ ਦੀ ਅੱਖ ਨਾ
ਖੁੱਲ ਜਾਵੇ,, ਉਹਦੇ ਪੈਰਾਂ ਚ ਕੰਡੇ ਵੱਜ ਵੱਜ ਪੈਰ ਲਹੂ
ਲੁਹਾਨ ਹੋਏ ਪਏ ਨੇ,, ਕਰੀਰਾਂ ਕਿੱਕਰਾਂ ਚ ਫ਼ਸ ਫ਼ਸ ਕੇ
ਪੂਰਾ ਜਾਮਾ ਲੀਰੋ ਲੀਰ ਹੋਇਆ ਪਿਆ ||

ਤਿੰਨੋ ਖਾਮੋਸ਼ ਹੋ ਗਏ…

ਇੱਕ ਆਵਾਜ਼ ਨੇ ਉਹਨਾਂ ਦੀ ਚੁੱਪ ਤੋੜੀ..
ਮਿੱਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ..

ਦਿਨ ਚੜ੍ਹਨ ਨਾਲ ਚੰਨ ਫ਼ੇਰ ਬੱਦਲਾਂ ਚ ਜਾ ਕੇ
ਲੁਕ ਗਿਆ 🙏🏻🙏🏻🙏🏻🙏🏻

IMG 20221207 WA0018

ਬੇਅੰਤ ਬਰੀਵਾਲਾ
ਪਿੰਡ -ਬਰੀਵਾਲਾ
ਜ਼ਿਲ੍ਹਾ -ਸ੍ਰੀ ਮੁਕਤਸਰ ਸਾਹਿਬ
9041847077

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment