1
ਮੈ ਸਿਜਦਾ ਕਰਦਾ ਅੱਖਰਾਂ ਨੂੰ,
ਜਿੰਨਾਂ ਸ਼ਬਦ ਬਣਾ ਦਿੱਤੇ।
ਮੈ ਸਿਜਦਾ ਕਰਦਾ ਸ਼ਬਦਾਂ ਨੂੰ,
ਜਿੰਨਾਂ ਗਿਆਨ ਦੇ ਦੀਪ
ਜਗਾ ਦਿੱਤੇ।
2
ਕਈ ਦਰੋਪਤੀਆ ਹਾਰ ਗਈਆ,
ਜਿੱਥੇ ਕ੍ਰਿਸ਼ਨ ਕੋਈ ਆਇਆ ਨਾ।
ਦੁਰਯੋਧਨ ਇੱਥੇ ਹਰ ਥਾਂ ਫਿਰਦੇ,
ਉਹਨਾਂ ਤੋਂ ਕਿਸੇ ਬਚਾਇਆਂ ਨਾ।
ਕੂਕ ਪੁਕਾਰ ਸੁਣੀ ਕਿਸੇ ਕੋਈ ਨਾ।
ਕੱਪੜਾ ਇੱਜ਼ਤ ਉੱਤੇ ਪਾਇਆ ਨਾ।
ਔਰਤ ਦੀ ਰਾਖੀ ਦੀਆਂ ਗੱਲਾਂ ਕਰਦੇ,
ਉਹਨਾਂ ਮੂੰਹ ਕਿਸੇ ਦਿਖਾਇਆ ਨਾ।
3
ਬੜਾ ਕੁਝ ਸਿੱਖਿਆ ਬੜਾ ਸਿਖਾਇਆ,
ਉਹ ਅੱਖਰ ਮੇਰੇ ਸਮਝ ਨਾ ਆਇਆ।
ਜਿਸ ਅੱਖਰ ਤੋਂ ਇਹ ਅੱਖਰ ਬਣੇ ਨੇ,
ਉਹ ਅੱਖਰ ਅਸੀਂ ਕਿਥੇ ਗਵਾਇਆ।
ਪੱਤੋ, ਨੂੰ ਵੀ ਸਮਝ ਫੇਰ ਪਈ ਆ,
ਜਦ ਆਪਾ ਮਾਰ, ੧ ਮਨ ਵਸਾਇਆ।
4
ਮਰਨਾ ਉਹਨਾਂ ਦਾ ਸਫ਼ਲ ਹੈ
ਜੋ ਅਣਖ਼ ਨਾਲ ਜਿਉਂਦੇ।
ਅਮਰ ਹੋ ਜਾਂਦੇ ਇਸ ਜੱਗ ਤੇ,
ਲੋਕੀ ਦਿਨ ਮਨਾਉਂਦੇ।
ਪੱਤੋ,ਯਾਦਾਂ ਵਿੱਚ ਮੇਲੇ ਲੱਗਦੇ,
ਢਾਡੀ ਵਾਰਾਂ ਗਾਉਂਦੇ।
ਹਰਪ੍ਰੀਤ ਪੱਤੋ