ਹੁਣ ਕਿੱਥੋਂ ਸ਼ੁਰੂ ਕਰਾਂ ਜਿੱਥੇ ਇੱਜਤਾਂ ਦਾ ਦੋਰ ਖ਼ਤਮ ਹੁੰਦਾ ਜਾ ਰਿਹਾ ਹੈ। ਇੱਕ ਔਰਤ ਦੇ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਚਾਰ ਇਨਸਾਨ ਮਿਲ ਕੇ ਇੱਜਤ ਲੁੱਟਣ ਦੀ ਪੂਰੀ ਕੋਸ਼ਿਸ਼ ਵਿੱਚ ਹੈ। ਇਹ ਕਿਹੋ ਜਾ ਦੋਰ ਹੈ ਜਿੱਥੇ ਇੱਜਤ ਦਾ ਖਿਆਲ ਨਹੀਂ ਹੈ। ਇੱਕ ਧੀ ਇੱਜਤ ਬਾਪ ਦੇ ਪੱਗ ਸਮਾਨ ਹੁੰਦੀ ਹੈ ਤੇ ਭਰਾ ਦੇ ਮਾਨ ਲੇਕਿਨ ਕੁਝ ਅਜਿਹੀ ਨੌਜਵਾਨ ਪੀੜ੍ਹੀ ਨੇ ਜਨਮ ਲਿਆ ਹੈ ਜੋ ਧੀਆਂ ਦੀ ਇੱਜਤ ਨਾਲ ਖੇਡ ਖੇਡਦੇ ਹਨ। ਇੱਕ ਪਲ਼ ਵੀ ਖਿਆਲ ਇਹ ਨਹੀਂ ਕਰਦੇ ਕਿ ਆਉਣ ਵਾਲੀਆਂ ਨਸਲਾਂ ਵਿੱਚ ਤੁਹਾਡੀ ਵੀ ਇੱਕ ਧੀ ਹੋ ਸਕਦੀ ਹੈ। ਹੈਵਾਨੀਅਤ ਦਾ ਨੰਗਾ ਨਾਚ ਦੁਨੀਆ ਭਰ ਵਿੱਚ ਮੌਜੂਦ ਹੈ ਤੇ ਹਵਸ ਦੀ ਪਿਆਸ ਬੁਝਾਉਣ ਵਾਲੇ ਕੁਝ ਅਜਿਹੇ ਸ਼ਖਸ਼ ਵੀ ਹਨ ਜੋ ਇਸਨੂੰ ਧੰਦੇ ਦਾ ਰੂਪ ਧਾਰ ਕੇ ਚੱਲਦੇ ਹਨ। ਸਮਾਜ ਵਿੱਚ ਹਰ ਥਾਂ ਰੋਜ਼ ਹੀ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ।
ਥੋੜ੍ਹੇ ਦਿਨ ਪਹਿਲਾਂ ਇੱਕ ਔਰਤ ਸੜਕ ਕਿਨਾਰੇ ਤੁਰਦੀ ਜਾ ਰਹੀ ਸੀ। ਅੱਧਖੜ੍ਹ ਉਮਰ ਦੀ ਔਰਤ ਆਪਣੇ ਘਰ ਵੱਲ ਜਾ ਰਹੀ ਸੀ। ਅਚਾਨਕ ਦੋ ਜਵਾਨ ਕਾਰ ਵਿੱਚੋਂ ਨਿਕਲ ਆਉਂਦੇ ਤੇ ਉਸਨੂੰ ਚੁੱਕ ਕੇ ਕਾਰ ਵਿੱਚ ਲੈ ਜਾਂਦੇ ਹਨ। ਉਸ ਔਰਤ ਦੀ ਇੱਜਤ ਨਾਲ ਖਿਲਵਾੜ ਕਰਕੇ ਉਸਨੂੰ ਖਾਲੀ ਥਾਂ ਸੁੱਟ ਜਾਂਦੇ ਹਨ। ਉਸ ਔਰਤ ਨੂੰ ਜਖਮੀਂ ਵੇਖ ਕੁਝ ਲੋਕ ਹਸਪਤਾਲ਼ ਦਾਖ਼ਲ ਕਰਵਾ ਦਿੰਦੇ ਹਨ। ਹਸਪਤਾਲ਼ ਪਹੁੰਚ ਕੇ ਪਤਾ ਚੱਲਦਾ ਹੈ ਕਿ ਉਸ ਨਾਲ ਸ਼ਰੀਰਕ ਸ਼ੋਸ਼ਣ ਹੋਇਆ ਹੈ ਤੇ ਉਹ ਕਾਫ਼ੀ ਘਬਰਾਈ ਹੋਈ ਹੈ। ਇਹ ਸਭ ਜਾਣ ਕੇ ਕੁਝ ਲੋਕ ਹੈਰਾਨ ਹੁੰਦੇ ਹਨ। ਹੁਣ ਉਸ ਔਰਤ ਦਾ ਕੀ ਕਸੂਰ ਸੀ। ਉਹ ਤਾਂ ਆਪਣੇ ਘਰ ਜਾ ਰਹੀ ਸੀ। ਕੀ ਔਰਤਾਂ ਦਾ ਘਰ ਤੋਂ ਨਿਕਲਣਾ ਗ਼ੁਨਾਹ ਹੈ। ਹੈਵਾਨੀਅਤ ਦਾ ਰੂਪ ਜੋ ਲੋਕ ਧਾਰ ਚੁੱਕੇ ਹਨ ਉਹ ਇਹ ਜਾਣ ਲੈਣ ਕਿ ਜਿੰਦਗੀ ਦੇ ਬਦਲਦੇ ਰੂਪ ਵਿੱਚ ਤੁਹਾਡਾ ਭਵਿੱਖ ਬਹੁਤ ਬੁਰਾ ਹੋਵੇਗਾ।
ਸਮਾਜ ਵਿੱਚ ਜਦੋਂ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦੋਂ ਹੀ ਨਵੀਂ ਘਟਨਾਂ ਵਾਪਰ ਜਾਂਦੀ ਹੈ। ਧੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਤੇ ਨਾ ਉਹਨਾਂ ਦੀ ਰੱਖਿਆ। ਇੱਜਤ ਨੂੰ ਬਚਾਉਣ ਲਈ ਇੱਕ ਬਾਪ ਆਪਣੀ ਧੀ ਨੂੰ ਹਰ ਗੁਣ ਸਿਖਾਉਂਦਾ ਹੈ ਜੋ ਉਸਦੀ ਪੂਰੀ ਜਿੰਦਗੀ ਨੂੰ ਬਰਕਰਾਰ ਰੱਖੇ। ਹੱਦ ਤੋਂ ਵੱਧ ਧੀਆਂ ਆਪਣੀ ਇੱਜਤ ਦਾ ਪੂਰਾ ਖਿਆਲ ਰੱਖ ਪਾਉਂਦੀਆਂ ਹਨ ਤੇ ਕੁਝ ਹੱਦ ਆਪ ਹੀ ਬੁਰੇ ਰਾਹ ਚਲੀ ਜਾਂਦੀਆਂ ਹਨ। ਘਰ ਵਿੱਚ ਮਸਰੂਫ਼ ਪਤਨੀ ਇਕੱਲੀ ਹੁੰਦੀ ਹੈ ਤੇ ਦੋਸਤ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਇਹ ਸਭ ਗੱਲਾਂ ਆਮ ਹਨ ਲੇਕਿਨ ਭਿਆਨਕ ਤੋਂ ਵੱਧ ਹਨ। ਇਹ ਸ਼ਰਮਨਾਕ ਹਰਕਤ ਕੁਝ ਲੋਕ ਹੀ ਕਰਦੇ ਹਨ ਜਿਹਨਾਂ ਦਾ ਜਮੀਰ ਮਰਿਆ ਹੁੰਦਾ ਹੈ ਤੇ ਜਿਸਮਾਂ ਦੀ ਭੁੱਖ ਰੱਖ ਇੱਜਤਾਂ ਨੂੰ ਦਾਗ਼ ਲਗਾ ਦਿੰਦੇ ਹਨ। ਇਸ ਵਿੱਚ ਇੱਕ ਔਰਤ ਦਾ ਬਚਾਅ ਕਰਨਾ ਆਪਣੇ ਆਪ ਵਿੱਚ ਇੱਕ ਯੁੱਧ ਹੈ ਪਰ ਕੁਝ ਔਰਤਾਂ ਕਮਜ਼ੋਰ ਹੋਣ ਕਰਕੇ ਬਿਲਕੁੱਲ ਹੀ ਹਾਰ ਜਾਂਦੀਆਂ ਹਨ। ਇਹਨਾਂ ਲੋਕਾਂ ਨੂੰ ਤਕੜੇ ਹੋਣ ਦਾ ਮੌਕਾ ਜਲਦੀ ਮਿਲ ਜਾਂਦਾ ਹੈ। ਜੋ ਪੈਸੇ ਵਾਲੇ ਹੁੰਦੇ ਹਨ ਉਹਨਾਂ ਉੱਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ ਤੇ ਨਾ ਉਹਨਾਂ ਉੱਤੇ ਉਂਗਲ ਚੁੱਕੀ ਜਾਂਦੀ ਹੈ।
ਸਮਾਜ ਸੇਵੀ ਸੰਸਥਾਵਾਂ ਇਹਨਾਂ ਵਿਰੁੱਧ ਖੜ੍ਹਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਜਵਾਬ ਨਾ ਬਰਾਬਰ ਹੀ ਪੇਸ਼ ਹੁੰਦਾ ਹੈ। ਇੱਕ ਧੀ ਜਾਂ ਔਰਤ ਦਾ ਬਲਾਤਕਾਰ ਹੋਣ ਮਗਰੋਂ ਉਹ ਕਿਸੇ ਪਾਸੇ ਮੂੰਹ ਦਿਖਾਉਣ ਲਈ ਨਹੀਂ ਰਹਿੰਦੀ ਹੈ ਜਿਸ ਨਾਲ ਉਸਦੀ ਜਿੰਦਗੀ ਦਾ ਅੰਤ ਉਸ ਵਕ਼ਤ ਹੀ ਮੰਨਿਆ ਜਾਂਦਾ ਹੈ। ਜੋ ਘਰ ਤੋਂ ਸਿਰ ਚੁੰਨੀ ਢੱਕ ਗੁਰੂ ਘਰ ਵੱਲ ਜਾਂਦੀਆਂ ਹਨ ਉਹਨਾਂ ਉੱਤੇ ਵੀ ਕੁਝ ਅਜਿਹੇ ਲੋਕ ਅੱਖ ਰੱਖਦੇ ਹਨ ਜੋ ਸ਼ਰਾਰਤੀ ਅਨਸਰ ਅਖਵਾਉਂਦੇ ਹਨ। ਇਹਨਾਂ ਉੱਤੇ ਸਖ਼ਤ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ ਕਿਉਕਿ ਇਹ ਪਿੰਡ ਦੇ ਹੀ ਕੁਝ ਲੋਕ ਹੁੰਦੇ ਹਨ। ਇਹਨਾਂ ਦੀ ਬੁਰੀ ਅੱਖ ਹਮੇਸ਼ਾ ਹੀ ਜਿਸਮਾਂ ਨੂੰ ਦੇਖਣ ਲਈ ਤਿਆਰ ਹੁੰਦੀ ਹੈ ਤੇ ਹੈਵਾਨੀਅਤ ਇਹਨਾਂ ਦੇ ਅੰਦਰ ਘੁੱਟ ਘੁੱਟ ਕੇ ਭਰੀ ਹੁੰਦੀ ਹੈ। ਘਰ ਵਿੱਚ ਨਸ਼ੇ ‘ ਚ ਟੂੰਨ ਹੋ ਕੇ ਪਰਤ ਆਉਣ ‘ ਤੇ ਘਰ ਵਾਲੀ ਨੂੰ ਕੁੱਟ ਮਾਰ ਕਰਕੇ ਉਸ ਨਾਲ ਜਬਰਜਨਾਹ ਕਰਦੇ ਹਨ।
ਜਦੋਂ ਤੱਕ ਇਹ ਸਬ ਸਮਾਜ ਵਿੱਚ ਆਮ ਹੁੰਦਾ ਰਹੇਗਾ,ਉਦੋਂ ਤੱਕ ਮਾਵਾਂ,ਧੀਆਂ,ਔਰਤਾਂ ਤੇ ਭੈਣਾਂ ਸਬ ਹੈਵਾਨੀਅਤ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ। ਇਹ ਸਭ ਰੋਕਣ ਲਈ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਜੁੱਟ ਹੋਣਾ ਪਹਿਣਾ ਹੈ ਜਿਸ ਨਾਲ ਸਮਾਜ ਵਿੱਚ ਹੈਵਾਨੀਅਤ ਦਾ ਖੌਫ਼ ਖ਼ਤਮ ਹੋ ਸਕੇ। ਮਾਵਾਂ,ਧੀਆਂ,ਔਰਤਾਂ ਤੇ ਭੈਣਾਂ ਇੱਕ ਵਾਰ ਫਿਰ ਤੋਂ ਜਿੰਦਗੀ ਸਾਫ਼ ਸੁਥਰੀ ਜੀਅ ਸਕਣ। ਜੋ ਸਮਾਜ ਨੂੰ ਗੰਦਾ ਕਰਦਾ ਹੈ ਉਹ ਸਮਾਜ ਦਾ ਗ਼ੁਨਾਹਗਾਰ ਹੁੰਦਾ ਹੈ ਜਿਸ ਨਾਲ ਬੇਕਸੂਰ ਵੀ ਇਹਨਾਂ ਨਾਲ ਖਿੱਚਿਆ ਜਾਂਦਾ ਹੈ। ਸਮਾਜ ਨੂੰ ਤਬਦੀਲ ਕਰਨ ਲਈ ਇੱਕ ਜੁੱਟ ਹੋ ਕੇ ਉਹਨਾਂ ਖਿਲਾਫ਼ ਵੀ ਕਾਰਵਾਈ ਕਰੋ ਜਿਹਨਾਂ ਦੇ ਅੱਜ ਤੱਕ ਸਰਕਾਰ ਕੁਝ ਨਹੀਂ ਕਰ ਸਕੀ। ਸਮਾਜ ਵਿੱਚ ਹੈਵਾਨੀਅਤ ਦਾ ਨਾਮ ਹੋਣਾ ਪਾਪ ਹੈ। ਹੈਵਾਨੀਅਤ ਜਿਸ ਦੇ ਸਿਰ ਉੱਤੇ ਸਵਾਰ ਹੈ ਉਹ ਚੰਗੀ ਤਰ੍ਹਾਂ ਇਹ ਜਾਣ ਲੈਣ ਕਿ ਜਿੰਦਗੀ ਦੇ ਦੋ ਪਹਿਲੂ ਹਨ ਜਿਹਨਾਂ ਵਿੱਚੋਂ ਇੱਕ ਪਹਿਲੂ ਹੈ,” ਸੁਧਰਨਾ ਆਪ ਹੈ ਜਿੰਦਗੀ ਮਾਫ਼ ਹੈ।” ਦੂਜਾ ਪਹਿਲੂ ਫਿਰ ਸਹੀ ਲੇਕਿਨ ਇੱਕ ਪਹਿਲੂ ਦੇ ਨਾਲ ਜਿੰਦਗੀ ਨੂੰ ਸਮਝ ਲੈਣਾ ਹੀ ਕਾਫ਼ੀ ਹੈ। ਰੰਗ ਹਮੇਸ਼ਾ ਜਿੰਦਗੀ ਦੇ ਬਦਲਦੇ ਹਨ ਪਰ ਇੱਕ ਪੀੜ੍ਹ ਰੰਗ ਕਦੇ ਨਹੀਂ ਬਦਲਦੀ ਉਹ ਹਮੇਸ਼ਾ ਪੀੜ੍ਹ ਦਾ ਨਾਂ ਬਣ ਕੇ ਰਹਿ ਜਾਂਦੀ ਹੈ। ਇਹ ਸਭ ਸੁਣਨ ਤੇ ਵੇਖਣ ਮਗਰੋਂ ਸਮਾਜ ਨੂੰ ਸਹੀ ਰਾਹ ਚੱਲਣਾ ਚਾਹੀਦਾ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016