ਜਦੋਂ ਮੈਂ, ਮਰਾਂਗਾ,
ਪੱਥਰ ਵੀ ਰੋਣਗੇ।
ਆਪਣਿਆਂ ਦਾ ਪਤਾ ਨੀਂ,
ਗ਼ੈਰ ਬਥੇਰੇ ਹੋਣਗੇ।
ਸਫ਼ਰ ਜ਼ਿੰਦਗੀ ਦਾ ਮੁਕਾ ਕੇ,
ਤੁਰ ਪੈਣਾ ਇੱਕ ਨਵੇਂ ਰਾਹ ’ਤੇ।
ਜਿੱਥੇ ਹੁੰਦੀ ਰੋਜ਼ ਰਾਤ ਨਾ ਹੁੰਦੇ ਰੋਜ਼ ਸਵੇਰੇ,
ਉੱਥੇ ਮੇਰੇ ਵਰਗੇ ਹੋਣ ਵੀ ਹੋਣਗੇ ਬਥੇਰੇ।
ਲੱਗੇ ਹੋਣੇ ਸੱਚ ਦੇ ਦਰਬਾਰ ਜੋ ਤੇਰੇ,
ਲੇਖਾ ਜੋਖਾ ਕਰਮਾਂ ਦਾ ਉਹ ਕਰਨਗੇ ਮੇਰੇ।
ਵਹੀ ਪੜ੍ਹਕੇ ਧਰਮ ਰਾਜ ਨੂੰ ਗੁਪਤਚਰ ਸੁਣਾਉਣਗੇ,
ਜਦੋਂ ਮੈਂ ਮਰਾਂਗਾ…………।
ਸੂਟ ਪਾਉਣਾ ਚਾਦਰ ਚਿੱਟੀ ਦਾ,
ਘੜਾ ਭੰਨ੍ਹ ਦੇਣਾ ਫਿਰ ਮਿੱਟੀ ਦਾ।
ਫਿਰ ਅੰਤਿਮ ਅਰਦਾਸ ਕਰਾਉਣਗੇ,
ਜਦੋਂ ਮੈਂ, ਮਰਾਂਗਾ, ਪੱਥਰ ਵੀ ਰੋਣਗੇ।
ਅੰਬਰਾਂ-ਸਵਾਸਾਂ ਦੀ ਨੇ ਪੰੂਜੀ ਨੇ ਮੁੱਕ ਜਾਣਾ,
ਜੀਉਣਾ ਝੂਠ, ਮਰਨਾ ਸੱਚ, ਇਹ ਕਥਨ ਸਭ ਦੁਹਰਾਉਣਗੇ।
ਸੱਚਾ ਕੀਰਤਨ ਸੋਹਿਲਾ ਪੜ੍ਹਕੇ,
ਸਭ ਘਰਾਂ ਨੂੰ ਮੁੜ ਆਉਣਗੇ।
ਜਦੋਂ ਮੈਂ ਮਰਾਂਗਾ, ਪੱਥਰ ਵੀ ਰੋਣਗੇ,
ਜਦੋਂ ਮੈਂ ਮਰਾਂਗਾ, ਪੱਥਰ ਵੀ ਰੋਣਗੇ।
ਡਾ. ਜੇ. ਐਸ. ਅੰਬਰ।