ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿੱਪਲਾ-ਪਿੱਪਲਾ, ਦਾਣਾ ਦੇ।”
ਪਿੱਪਲ ਬੋਲਿਆ, “ਨਹੀਂ ਦਿੰਦਾ।”
ਪਿੱਪਲ ਦਾਣਾ ਦੇਵੇ ਨਾ; ਚਿੜੀ ਵਿਚਾਰੀ ਕੀ ਕਰੇ;
ਠੰਡਾ ਪਾਣੀ ਪੀ ਮਰੇ।
ਚਿੜੀ ਅੱਗ ਕੋਲ ਗਈ। ਉਸ ਨੇ ਅੱਗ ਨੂੰ ਕਿਹਾ. “ਅੱਗ-ਅੱਗ, ਪਿੱਪਲ ਨੂੰ ਸਾੜ ਦੇ।”
ਅੱਗ ਨੇ ਕਿਹਾ, “ਮੈਂ ਨਹੀਂ ਸਾੜਦੀ।”
ਅੱਗ ਪਿੱਪਲ ਨੂੰ ਸਾੜੇ ਨਾ; ਪਿੱਪਲ ਦਾਣਾ ਦੇਵੇ ਨਾ;
ਚਿੜੀ ਵਿਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।
ਹੁਣ ਚਿੜੀ ਪਾਣੀ ਕੋਲ ਗਈ। ਉਸ ਨੇ ਪਾਣੀ ਨੂੰ ਕਿਹਾ, “ਪਾਣੀ-ਪਾਣੀ, ਅੱਗ ਨੂੰ ਬੁਝਾ ਦੇ।”
ਪਾਣੀ ਕਹਿੰਦਾ, “ਮੈਂ ਨਹੀਂ ਬੁਝਾਉਂਦਾ।”
ਪਾਣੀ ਅੱਗ ਬੁਝਾਵੇ ਨਾ; ਅੱਗ ਪਿੱਪਲ ਨੂੰ ਸਾੜੇ ਨਾ;
ਪਿੱਪਲ ਦਾਣਾ ਦੇਵੇ ਨਾ; ਚਿੜੀ ਵਿਚਾਰੀ ਕੀ ਕਰੇ;
ਠੰਡਾ ਪਾਣੀ ਪੀ ਮਰੇ।
ਚਿੜੀ ਫਿਰ ਹਾਥੀ ਕੋਲ ਗਈ। ਉਸ ਨੇ ਹਾਥੀ ਨੂੰ ਕਿਹਾ, “ਹਾਥੀ-ਹਾਥੀ, ਪਾਣੀ ਪੀ ਜਾ।”
ਹਾਥੀ ਨੇ ਕਿਹਾ, “ਮੈਂ ਨਹੀਂ ਪੀਂਦਾ।”
ਹਾਥੀ ਪਾਣੀ ਪੀਵੇ ਨਾ; ਪਾਣੀ ਅੱਗ ਬੁਝਾਵੇ ਨਾ;
ਅੱਗ ਪਿੱਪਲ ਨੂੰ ਸਾੜੇ ਨਾ; ਪਿੱਪਲ ਦਾਣਾ ਦੇਵੇ ਨਾ;
ਚਿੜੀ ਵਿਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।
ਫਿਰ ਚਿੜੀ ਰੱਸੇ ਕੋਲ ਗਈ। ਉਸ ਨੇ ਰੱਸੇ ਨੂੰ ਕਿਹਾ, “ਰੱਸਿਆ-ਰੱਸਿਆ, ਹਾਥੀ ਨੂੰ ਬੰਨ੍ਹ ਦੇ।”
ਰੱਸੇ ਨੇ ਕਿਹਾ, “ਮੈਂ ਨਹੀਂ ਬੰਨ੍ਹਦਾ।”
ਰੱਸਾ ਹਾਥੀ ਬੰਨ੍ਹੇ ਨਾ; ਹਾਥੀ ਪਾਣੀ ਪੀਵੇ ਨਾ;
ਪਾਣੀ ਅੱਗ ਬੁਝਾਵੇ ਨਾ; ਅੱਗ ਪਿੱਪਲ ਨੂੰ ਸਾੜੇ ਨਾ;
ਪਿੱਪਲ ਦਾਣਾ ਦੇਵੇ ਨਾ; ਚਿੜੀ ਵਿਚਾਰੀ ਕੀ ਕਰੇ;
ਠੰਡਾ ਪਾਣੀ ਪੀ ਮਰੇ।
ਫਿਰ ਚਿੜੀ ਚੂਹੇ ਕੋਲ ਗਈ। ਉਸ ਨੇ ਚੂਹੇ ਨੂੰ ਕਿਹਾ, “ਚੂਹੇ-ਚੂਹੇ, ਰੱਸੇ ਨੂੰ ਕੁਤਰ ਦੇ।”
ਚੂਹਾ ਕਹਿੰਦਾ, “ਮੈਂ ਰੱਸੇ ਨੂੰ ਨਹੀਂ ਕੁਤਰਦਾ।”
ਚੂਹਾ ਰੱਸੇ ਨੂੰ ਕੁਤਰੇ ਨਾ; ਰੱਸਾ ਹਾਥੀ ਬੰਨ੍ਹੇ ਨਾ;
ਹਾਥੀ ਪਾਣੀ ਪੀਵੇ ਨਾ; ਪਾਣੀ ਅੱਗ ਬੁਝਾਵੇ ਨਾ;
ਅੱਗ ਪਿੱਪਲ ਨੂੰ ਸਾੜੇ ਨਾ; ਪਿੱਪਲ ਦਾਣਾ ਦੇਵੇ ਨਾ;
ਚਿੜੀ ਵਿਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।
ਫਿਰ ਚਿੜੀ, ਬਿੱਲੀ ਕੋਲ ਗਈ। ਉਸ ਨੇ ਕਿਹਾ, “ਬਿੱਲੀਏ-ਬਿੱਲੀਏ, ਚੂਹੇ ਨੂੰ ਖਾ ਜਾ।”
ਬਿੱਲੀ ਭੁੱਖੀ ਸੀ, ਉਹ ਮੰਨ ਗਈ।
ਬਿੱਲੀ ਚੂਹੇ ਨੂੰ ਖਾਣ ਲੱਗੀ; ਚੂਹਾ ਰੱਸਾ ਕੁਤਰਨ ਲੱਗਾ;
ਰੱਸਾ ਹਾਥੀ ਬੰਨ੍ਹਣ ਲੱਗਾ; ਹਾਥੀ ਪਾਣੀ ਪੀਣ ਲੱਗਾ;
ਪਾਣੀ ਅੱਗ ਬੁਝਾਉਣ ਲੱਗਾ; ਅੱਗ ਪਿੱਪਲ ਨੂੰ ਸਾੜਨ ਲੱਗੀ;
ਪਿੱਪਲ ਨੇ ਦਾਣਾ ਦੇ ਦਿੱਤਾ; ਚਿੜੀ ਨੇ ਦਾਣਾ ਖਾ ਲਿਆ;
ਚਿੜੀ ਚੀਂ-ਚੀਂ ਕਰਦੀ ਉੱਡ ਗਈ।
ਭਾਲ ਕਰਤਾ- ਕੁਲਦੀਪ ਸਿੰਘ ਦੀਪ