ਸਾਡੇ ਸਾਂਝੇ ਭਾਈਚਾਰੇ ਤੇ ਪਿਆਰ ਹੁੰਦੇ ਸੀ ।
ਰਹਿੰਦੇ ਇੱਕੋ ਵਿਹੜੇ ‘ਕੱਠੇ ਪਰਿਵਾਰ ਹੁੰਦੇ ਸੀ ।
ਕੇਹਦੀ ਲੱਗ ਗਈ ਨਜ਼ਰ,ਮਹਿਕਦੇ ਗੁਲਾਬ ਨੂੰ ।
ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।
ਕਾਹਦੀ ਮਿਲੀ ਅਜ਼ਾਦੀ, ਖਿੱਚ’ਤੀ ਲਕੀਰ ਬਈ ।
ਵੱਖ ਕਰ ਦਿੱਤੇ ਵੀਰਾਂ ਨਾਲੋਂ ਵੀਰ ਬਈ ।
ਯੁੱਗ ਸਾਇੰਸ ਦੇ ‘ਚ ਕੋਈ ਪੜ੍ਹੇ ਨਾ ਕਿਤਾਬ ਨੂੰ ।
ਵੇਖ-ਵੇਖ ਦਿਲ ਰੋਵੇ , ਅੱਜ ਦੇ ਪੰਜਾਬ ਨੂੰ ।
ਪੁੱਤ ਨਸ਼ਿਆਂ ਖਾ ਲਏ ਕੁਝ ਗੈਂਗਵਾਰਾ ਨੇ ।
ਦੂਰ ਰੱਖਿਆ ਇਤਿਹਾਸ ਤੋਂ ਸਰਕਾਰਾਂ ਨੇ ।
ਤਾਹੀਉਂ ਭੁੱਲ ਗੇ ਬੱਚੇ, ਸੁੱਖੇ ਤੇ ਮਹਿਤਾਬ ਨੂੰ
ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।
ਫੈਸ਼ਨ ‘ਚ ਉਲਝੀਆਂ ਭਾਗੋ ਦੀਆਂ ਵਾਰਿਸਾਂ ।
ਭੁੱਲੋ ਨਾ ਵਜੂਦ ਹੱਥ ਬੰਨ੍ਹ ਕੇ ਗੁਜਾਰਿਸ਼ਾਂ ।
ਕਰ ਲਵੋ ਚੇਤੇ ਖਿਦਰਾਣੇ ਵਾਲੀ ਢਾਬ ਨੂੰ ।
ਵੇਖ-ਵੇਖ ਰੋਣ ਆਉਂਦਾ, ਅੱਜ ਦੇ ਪੰਜਾਬ ਨੂੰ ।
ਬੜਾ ਖਾਧਾ ਘਾਟਾ ਮੂਲ ਨਾਲੋਂ ਟੁੱਟ ਕੇ।
ਜੇ ਸੌਖੇ ਰਹਿਣਾ ਪੜ੍ਹੋ ਗੁਰਬਾਣੀ ਉੱਠ ਕੇ ।
ਰਾਜ” ਤਰਸਦੇ ਕੰਨ, ਮਰਦਾਨੇ ਦੀ ਰਬਾਬ ਨੂੰ ।
ਆਜੋ ਫਿਰ ਤੋਂ ਵਸਾਈਏ , ਉੱਜੜੇ ਪੰਜਾਬ ਨੂੰ ।
*ਰਾਜ ਦਵਿੰਦਰ* ” ਬਿਆਸ, ਮੋ: 81461-27393,