ਕਲ਼ਮ ਚੁੱਕੀ,ਜੇ ਦਿਲਾ ਕੁਝ ਲਿਖਣ ਲੱਗਿਆਂ
ਤਾਂ ਜਾਗਦੀ ਆਪਣੀ ਜ਼ਮੀਰ ਰੱਖੀਂ
ਮਸਲੇ ਬਹੁਤ ਨੇ, ਉਲਝੀਆਂ ਤਾਣੀਆਂ ਨੇ
ਜ਼ਿਹਨ ਵਿਚ ਨਾ ਕੱਲੀ ਹੀਰ ਰੱਖੀਂ
ਇਨਸਾਨ ਹੈ ਤਾਂ, ਇਨਸਾਨੀਅਤ ਫਰਜ਼ ਪਹਿਲਾ
ਬੜੇ ਛੋਟੇ ਦਾ ਅੰਤਰ ਅਖੀਰ ਰੱਖੀਂ
ਜਿਹਦੀ ਮਿਹਨਤ ਸਦਕਾ,ਢਿੱਡ ਭਰ ਸੋਂਦਾ
ਸੋਚਾਂ ਵਿਚ ਭੁੱਖਾ ਕਿਸਾਨ ਵੀਰ ਰੱਖੀਂ
ਇੱਜ਼ਤ ਕਿਸੇ ਔਰਤ ਦੀ,ਨਾ ਦਾਗਦਾਰ ਹੋਵੇ
ਮੂਹਰੇ ਮਸਲਾ ਇਹ ਅੱਤ ਗੰਭੀਰ ਰੱਖੀਂ
ਪੌਣ ਪਾਣੀ ਨਾ ਤੇਰੇ ਕਰਕੇ ਹੋਵੇ ਗੰਧਲਾ
ਵਾਤਾਵਰਨ ਪ੍ਰਤੀ ਸੁਹਿਰਦ ਵਤੀਰ ਰੱਖੀਂ
ਚੰਗੇ ਤਨ, ਚੰਗਾ ਮਨ ਨਿਵਾਸ ਕਰਦਾ
ਸੋਹਣੀ ਸੋਚ ਤੇ ਸੋਹਣਾ ਸਰੀਰ ਰੱਖੀਂ
ਹੱਕ ਸੱਚ ਨੂੰ ਭਾਵੇਂ ਸਦਾ ਫਾਂਸੀਆਂ ਨੇ
ਸਮਾਜ ਦੀ ਤੂੰ ਅਸਲ ਤਸਵੀਰ ਰੱਖੀਂ
ਲੇਖਕ ਕਹਾਉਣ ਦਾ ਹੱਕ ਤੂੰ ਫੇਰ ਮਾਣੀ
ਤਿੱਖੀ ਕਲ਼ਮ ਤੇ ਤਿੱਖੀ ਤਕਰੀਰ ਰੱਖੀਂ
ਸੁਖਜੀਵਨ ਕੌਰ ਮਾਨ