ਇੱਕ ਆਦਮੀ ਨੂੰ ਕਿਸ਼ਤੀ ਰੰਗ ਕਰਨ ਲਈ ਕਿਹਾ ਗਿਆ। ਉਹ ਆਪਣਾ ਪੇਂਟ ਅਤੇ ਬੁਰਸ਼ ਲੈ ਕੇ ਆਇਆ ਅਤੇ ਕਿਸ਼ਤੀ ਨੂੰ ਚਮਕਦਾਰ ਲਾਲ ਰੰਗ ਨਾਲ ਰੰਗਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਕਿਸ਼ਤੀ ਦੇ ਮਾਲਕ ਨੇ ਉਸਨੂੰ ਕਿਹਾ ਸੀ।
ਪੇਂਟ ਕਰਦਿਆਂ, ਉਹਨੇ ਵੇਖਿਆ ਕਿ ਕਿਸ਼ਤੀ ਦੇ ਥੱਲੇ ਵਿੱਚ ਇੱਕ ਮੋਰੀ ਹੈ। ਉਸਨੇ ਚੁੱਪਚਾਪ ਉਸਦੀ ਵੀ ਮੁਰੰਮਤ ਕਰ ਦਿੱਤੀ।
ਉਸਨੇ ਆਪਣਾ ਕਿਸ਼ਤੀ ਰੰਗ ਕਰਨ ਦਾ ਕੰਮ ਖਤਮ ਕੀਤਾ ਤੇ ਆਪਣੇ ਬਣਦੇ ਪੈਸੇ ਲੈ ਕੇ ਚਲਾ ਗਿਆ।
ਤੀਜੇ ਦਿਨ, ਕਿਸ਼ਤੀ ਦਾ ਮਾਲਕ ਉਸ ਪੇਂਟਰ ਕੋਲ ਆਇਆ ਅਤੇ ਉਸਨੂੰ ਹੋਰ ਪੈਸੇ ਜੋ ਕਿ ਇੱਕ ਭਾਰੀ ਭਰਕਮ ਰਕਮ ਸਨ ਭੇਂਟ ਕੀਤੇ, ਜੋ ਕਿ ਉਸਦੇ ਕਿਸ਼ਤੀ ਰੰਗ ਕਰਨ ਦੇ ਮਿਹਨਤਾਨੇ ਨਾਲੋਂ ਕਿਤੇ ਵੱਧ ਸਨ।
ਪੇਂਟਰ ਹੈਰਾਨ ਹੋਇਆ ਅਤੇ ਬੋਲਿਆ, “ਸ੍ਰੀਮਾਨ, ਤੁਸੀਂ ਮੈਨੂੰ ਕਿਸ਼ਤੀ ਰੰਗ ਕਰਨ ਲਈ ਪਹਿਲਾਂ ਹੀ ਪੈਸੇ ਦੇ ਚੁੱਕੇ ਹੋ।”
“ਪਰ ਇਹ ਕਿਸ਼ਤੀ ਰੰਗ ਕਰਨ ਲਈ ਨਹੀਂ ਹੈ ਬਲਕਿ ਕਿਸ਼ਤੀ ਵਿੱਚਲੀ ਮੋਰੀ ਦੀ ਮੁਰੰਮਤ ਕਰਨ ਲਈ ਹੈ।”
“ਓ ਹੋ! ਪਰ ਇਹ ਤਾਂ ਬਹੁਤ ਛੋਟਾ ਜਿਹਾ ਕੰਮ ਸੀ… ਯਕੀਨਨ ਮੈਨੂੰ ਇੰਨੇ ਛੋਟੇ ਜਿਹੇ ਕੰਮ ਲਈ ਇੰਨੀ ਵੱਡੀ ਰਕਮ ਅਦਾ ਕਰਨਾ ਯੋਗ ਨਹੀਂ ਹੈ।”
“ਮੇਰੇ ਪਿਆਰੇ ਦੋਸਤ, ਤੂੰ ਨਹੀਂ ਸਮਝਿਆ। ਮੈਂ ਤੈਨੂੰ ਦੱਸਦਾ ਹਾਂ ਕਿ ਆਖਰ ਕੀ ਹੋਇਆ।”
“ਜਦੋਂ ਮੈਂ ਤੈਨੂੰ ਕਿਸ਼ਤੀ ਨੂੰ ਰੰਗ ਕਰਨ ਲਈ ਕਿਹਾ ਤਾਂ ਮੈਂ ਕਿਸ਼ਤੀ ਦੇ ਥੱਲੇ ਵਿਚਲੀ ਮੋਰੀ ਦਾ ਜ਼ਿਕਰ ਕਰਨਾ ਭੁੱਲ ਗਿਆ ਸੀ।”
“ਜਦੋਂ ਕਿਸ਼ਤੀ ਸੁੱਕ ਗਈ ਤਾਂ ਮੇਰੇ ਬੱਚੇ ਕਿਸ਼ਤੀ ਲੈ ਕੇ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਚਲੇ ਗਏ। ਮੈਂ ਉਸ ਸਮੇਂ ਘਰ ਨਹੀਂ ਸੀ।”
“ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਿਸ਼ਤੀ ਦੇ ਥੱਲੇ ‘ਚ ਮੋਰੀ ਹੈ।”
“ਜਦੋਂ ਮੈਂ ਵਾਪਸ ਆਇਆ ਅਤੇ ਦੇਖਿਆ ਕਿ ਮੇਰੇ ਬੱਚੇ ਕਿਸ਼ਤੀ ਸਮੁੰਦਰ ਵਿੱਚ ਲੈ ਗਏ ਹਨ ਤਾਂ ਮੈਂ ਬਹੁਤ ਹਤਾਸ਼ ਹੋ ਗਿਆ ਕਿਉਂਕਿ ਮੈਨੂੰ ਯਾਦ ਆਇਆ ਕਿ ਕਿਸ਼ਤੀ ਵਿੱਚ ਇੱਕ ਮੋਰੀ ਸੀ।
“ਤੂੰ ਮੇਰੀ ਰਾਹਤ ਅਤੇ ਖੁਸ਼ੀ ਦੀ ਕਲਪਨਾ ਵੀ ਨਹੀਂ ਕਰ ਸਕਦਾ ਜਦੋਂ ਮੈਂ ਉਨ੍ਹਾਂ ਨੂੰ ਮੱਛੀਆਂ ਫੜ ਕੇ ਵਾਪਸ ਆਉਂਦੇ ਦੇਖਿਆ।”
“ਫਿਰ, ਜਦੋਂ ਮੈਂ ਕਿਸ਼ਤੀ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਤੂੰ ਉਸ ਮੋਰੀ ਦੀ ਮੁਰੰਮਤ ਕਰ ਦਿੱਤੀ ਸੀ।
“ਸੋਚ, ਹੁਣ, ਤੂੰ ਕੀ ਕੀਤਾ? ਤੂੰ ਮੇਰੇ ਪਿਆਰੇ ਬੱਚਿਆਂ ਦੀ ਜਾਨ ਬਚਾਈ! ਮੇਰੇ ਕੋਲ ਤਾਂ ਤੇਰੇ ਇਸ ‘ਛੋਟੇ’ ਚੰਗੇ ਕੰਮ ਲਈ ਤੈਨੂੰ ਭੁਗਤਾਨ ਕਰਨ ਲਈ ਯੋਗ ਪੈਸੇ ਵੀ ਨਹੀਂ ਹਨ।
ਦੋਸਤੋ, ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਕੌਣ, ਕਦੋਂ ਜਾਂ ਕਿਵੇਂ, ਕਿਸੇ ਦੇ ਕਹੇ ਜਾਂ ਬਿਨਾਂ ਕਹੇ, ਮਦਦ ਕਰਨਾ ਜ਼ਾਰੀ ਰੱਖੋ, ਇਨਸਾਨੀਅਤ ਬਣਾਈ ਰੱਖੋ, ਹੰਝੂ ਪੂੰਝੋ, ਹੋਰਾਂ ਦੇ ਦੁੱਖ ਦਰਦ ਧਿਆਨ ਨਾਲ ਸੁਣੋ, ਅਤੇ ਧਿਆਨ ਨਾਲ ਸਾਰੀਆਂ ‘ਮੋਰੀਆਂ’ ਦੀ ਮੁਰੰਮਤ ਕਰੋ। ਤੁਸੀਂ ਕਦੇ ਨਹੀਂ ਜਾਣਦੇ ਹੁੰਦੇ ਕਿ ਕਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਹੈ, ਜਾਂ ਕਦੋਂ ਕਿਸੇ ਲਈ ਮਦਦਗਾਰ ਅਤੇ ਮਹੱਤਵਪੂਰਨ ਹੋਣ ਲਈ ਪ੍ਰਮਾਤਮਾ ਸਾਨੂੰ ਇੱਕ ਸੁਹਾਵਣਾ ਮੌਕਾ ਦਿੰਦਾ ਹੈ।
ਹੋ ਸਕਦਾ ਹੈ ਕਿ ਤੁਸੀਂ ਕਈ ਲੋਕਾਂ ਲਈ ਕਈ ਵਾਰ ‘ਕਿਸ਼ਤੀ ਦੀਆਂ ਮੋਰੀਆਂ’ ਦੀ ਮੁਰੰਮਤ ਕੀਤੀ ਹੋਵੇ, ਬਿਨਾਂ ਇਹ ਜਾਣੇ ਸਮਝੇ ਕਿ ਤੁਸੀਂ ਕਿੰਨੀਆਂ ਜਾਨਾਂ ਬਚਾਈਆਂ ਹਨ ਤੇ ਪਤਾ ਨਹੀਂ ਕਦੋਂ-ਕਦੋਂ, ਕਿਸ-ਕਿਸ ਨੇ ਤੁਹਾਡੀ ‘ਕਿਸ਼ਤੀ ਦੀਆਂ ਮੋਰੀਆਂ’ ਮੁਰੰਮਤ ਕੀਤੀਆਂ ਹੋਣ ਬਿਨਾਂ ਤੁਹਾਨੂੰ ਦੱਸੇ।
ਇਸ ਲਈ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਮੇਸ਼ਾ ਕੁਝ ਚੰਗਾ ਕਰਦੇ ਰਹੋ, ਹਮੇਸ਼ਾ ਚੰਗੇ ਬਣੇ ਰਹੋ।