ਸੁਪਨਾ

5/5 - (6 votes)

1)
ਕਿਰਦਾਰ ਇੱਕ ਓ ਕਿਰਦਾਰ ਹੈ ਜੋ ਹਰ ਇੱਕ ਦੇ ਅੰਦਰ ਹੈ। ਮੈਂ ਗੱਲ ਕਿਰਦਾਰ ਦੇ ਸੁਪਨੇ ਦੀ ਨਹੀਂ ਸਗੋਂ ਇੱਕ ਗਰੀਬ ਸਖਸ਼ੀਅਤ ਜੋ ਹਰ ਗਰੀਬ ਦੇ ਅੰਦਰ ਵਸਦਾ ਕਿਰਦਾਰ ਹੈ ਉਸ ਦੀ ਕਰਨ ਲੱਗਿਆ। ਜਿਨਾਂ ਦੇ ਸੁਪਨੇ ਸਿਰਫ ਸੁਪਨੇ ਹੀ ਰਹਿ ਦੱਬ ਗਏ ਨੇ ਓਨਾ ਸੁਪਨਿਆਂ ਨੂੰ ਜਗਾਉਣ ਲੱਗਿਆ। ਥੋੜਾ ਆਰਾਮ ਦੇ ਨਾਲ ਸਮਝਣਾ ਜੀ …
ਬਹੁਤ ਲੰਬਾ ਸਮਾਂ ਬੀਤ ਗਿਆ ਹੈ ਜ਼ਿੰਦਗੀ ਦਾ ਐਵੇਂ ਹੀ, ਨਾ ਕੋਈ ਕੰਮ ਕੀਤਾ ਨਾ ਕੋਈ ਕੰਮ ਆਇਆ. ਬਹੁਤ ਸਾਰੇ ਪਲ ਜ਼ਿੰਦਗੀ ਦੇ ਇਹੋ ਜਿਹੇ ਸਨ ਜਿੱਥੇ ਕਿਰਦਾਰ ਇਕੱਲਾ ਸੀ ਤੇ ਬਹੁਤ ਸਾਰੇ ਪਲ ਇਹੋ ਜਿਹੇ ਹਨ ਜਿੱਥੇ ਗਿਣਤੀ ਵੀ ਨੀ ਹੋ ਸਕਦੀ ਜਿਹੜੇ ਨਾਲ ਰਹਿੰਦੇ ਸਨ.
ਕੁਝ ਲੋਕ ਤਾਂ
ਸਮਾਂ ਵਿਚਾਰ ਗਏ
ਪੱਲਾਂ ਛਡਾ ਸੀ
ਤੁਰ ਗਏ ਕੁਝ ਤੇ
ਕੁਝ ਸਭ ਹੁੰਦੇ ਵੀ
ਪੱਲਾਂ ਚਾੜ ਗਏ

2)
ਸਮਝ ਈ ਨ੍ਹੀ ਸੀ ਕੀ ਜ਼ਿੰਦਗੀ ਕਿਵੇਂ ਚੱਲ ਰਹੀ ਆ। ਸਕੂਲ ਪੜਨ ਤੋ ਬਾਅਦ ਜਦੋਂ ਉਮਰ ਦਾ ਉਹ ਦੌਰ ਹੁੰਦਾ ਜਦੋ ਹਰ ਕੋਈ ਅਪਣੇ ਆਪ ਨੂੰ ਇੰਝ ਸਮਝਦਾ ਜਿਵੇਂ ਉਹਦੇ ਵਰਗਾ ਦੁਨੀਆ ਚ ਹੋਰ ਕੋਈ ਵੀ ਨਹੀਂ, ਉਸ ਦੌਰ ਵਿੱਚ ਜਦੋਂ ਕਿਰਦਾਰ ਲੰਘਿਆ ਤਾਂ ਉਹ ਸਮਾ ਉਸ ਦਾ ਬਹੁਤ ਹਸੀਨ ਸੀ। ਜਵਾਨੀ ਦੀ ਪਹਿਲੀ ਉਮਰ, ਨਵਾ ਖੂਨ, ਸਭ ਗੱਲਾਂ ਤੋਂ ਅਣਜਾਣ ਇੰਝ ਲੱਗਦਾ ਸੀ ਜਿਵੇਂ ਦੁਨੀਆ ਤਾਂ ਹੁਣ ਈ ਸੁਰੂ ਹੋਈ ਹੋਵੇ..
ਮੁੱਛ ਫੁੱਟੀ
ਦਾੜੀ ਸੀ ਥੋੜ੍ਹੀ ਭੂਰ ਆਈ
ਲਾਲੀ ਅੱਖੀਆਂ ਦੀ
ਲੈ ਚਿਹਰੇ ਤੇ ਨੂਰ ਆਈ
ਨਾ ਕੋਈ
ਲਾਭ ਦਾ ਪਤਾ
ਨਾ ਕੋਈ
ਹਾਨੀ ਦਾ ਡਰ
ਜੇ ਸੱਚ ਪੁੱਛੇ
ਜਾਪੇ ਜਵਾਨੀ ਸੀ ਵਿੱਚ ਸਰੂਰ ਆਈ

3)

ਹੁਣ ਸੁਰੂ ਹੋਇਆ ਕਿਰਦਾਰ ਦੀ ਜ਼ਿੰਦਗੀ ਦਾ ਉਹ ਦੌਰ ਜਿਸ ਤੋਂ ਉਹ ਬਿਲਕੁਲ ਅਣਜਾਣ ਸੀ। ਓ ਸੀ ਦੌਰ ਘਰ ਵਿਚਲੀ ਗ਼ਰੀਬੀ ਦਾ। ਉਸ ਨੂੰ ਨਹੀਂ ਸੀ ਪਤਾ ਕਿਵੇਂ ਉਸ ਦਾ ਬਾਪੂ ਘਰ ਚਲਾ ਰਿਹਾ ਹੈ? ਕਿਵੇਂ ਉਸ ਦੀ ਪੜਾਈ ਚੱਲ ਰਹੀ ਹੈ? ਕਿਵੇਂ ਉਹ ਦੋ ਵਖਤ ਦਾ ਗੁਜਾਰਾ ਕਰਨ ਲਈ ਮਜਦੂਰੀ ਕਰਦਾ ਹੈ?
ਜਦੋ ਕਿਰਦਾਰ ਨੂੰ ਉਮਰ ਦੇ ਮੁਤਾਬਕ ਪਤਾ ਲੱਗਾ ਕੀ ਘਰ ਚ ਤਾਂ ਬਹੁਤ ਗਰੀਬੀ ਹੈ ਤਾਂ ਇੱਕ ਦਮ ਉਹ ਨਿਰਾਸ਼ ਹੋ ਗਿਆ ਤੇ ਬੁਝਿਆ ਬੁਝਿਆ ਜਿਹਾ ਰਹਿਣ ਲੱਗਿਆ।ਰਾਤਾਂ ਨੂੰ ਨੀਂਦ ਨਾ ਆਉਣੀ, ਸਾਰੀ ਰਾਤ ਬਸ ਓ ਗੱਲਾਂ ਦਿਮਾਗ ਵਿੱਚ ਘੁੰਮੀ ਜਾਣੀਆਂ ਕਿ ਕਿਉ ਉਸ ਨੂੰ ਉਸ ਦੇ ਦੋਸਤ ਕਿਤੇ ਨਾਲ ਨਹੀਂ ਸਨ ਲੈ ਕੇ ਜਾਂਦੇ।
ਹੁਣ ਓ ਪੜਾਈ ਛੱਡ ਕੇ ਅਪਣੇ ਬਾਪੂ ਨਾਲ ਜਾਣ ਲੱਗਿਆ। ਚੜ ਕੇ ਆਈ ਜਵਾਨੀ ਦੀਆ ਗੱਲਾਂ ਬਸ ਕਿਧਰੇ ਹੀ ਖੋਣ ਲੱਗੀਆਂ। ਹੁਣ ਕਿਰਦਾਰ ਰੋਜ਼ ਅਪਣੇ ਬਾਪੂ ਨਾਲ ਕੰਮ ਤੇ ਜਾਂਦਾ। ਸਮਾਂ ਲੰਘਦਾ ਗਿਆ, ਦਿਨ ਬੀਤੇ, ਮਹੀਨੇ ਬੀਤੇ, ਸਾਲ ਬੀਤੇ। ਹੁਣ ਜ਼ਿੰਦਗੀ ਜੀਅ ਨਹੀਂ ਰਿਹਾ ਸੀ ਬਸ ਕੱਟ ਰਿਹਾ ਸੀ। ਜਿੰਨੀ ਵੀ ਮਿਹਨਤ ਕਰਦਾ, ਉਸ ਨਾਲ ਬਸ ਘਰ ਦਾ ਗੁਜਾਰਾ ਹੀ ਚਲਦਾ। ਕਦੇ ਦਿਹਾੜੀ ਮਿਲਦੀ ਕਦੇ ਨਾ ਵੀ, ਇਵੇਂ ਹੀ ਖ਼ਾਲੀ ਹੱਥ ਮੁੜਨਾ ਪੈਂਦਾ।

4)
ਇੱਕ ਰਾਤ ਜਦੋਂ ਖਾਣਾ ਖਾਣ ਤੋਂ ਬਾਅਦ ਥਕਾਨ ਨਾਲ ਟੁੱਟਿਆ ਹੋਇਆ ਕਿਰਦਾਰ ਆਪਣੇ ਬਿਸਤਰੇ ਤੇ ਆ ਕੇ ਗਿਰਦਾ ਹੈ।
ਵਿਹੜੇ ਵਿਚ ਡਾਹਿਆ ਬਾਣ ਵਾਲਾ ਮੰਜਾ, ਕੋਲ ਚੱਲਦਾ ਇੱਕ ਪੱਖਾ ਤਾਰਿਆਂ ਦੀ ਛਾਵੇਂ ਪਿਆ ਕਿਰਦਾਰ ਇੱਕ ਅਜਬ ਹੀ ਨਜ਼ਾਰਾ ਬਣਿਆ ਹੋਇਆ ਸੀ। ਕਿਰਦਾਰ ਖੁੱਲੇ ਆਸਮਾਨ ਵੱਲ ਦੇਖ ਰਿਹਾ ਸੀ ਕਿ ਅਚਾਨਕ ਉਸ ਨੂੰ ਸਕੂਲ ਵਿੱਚ ਸਿਖਾਈ ਇੱਕ ਮਾਸਟਰ ਦੀ ਗੱਲ ਯਾਦ ਆਈ। ਜਿਸ ਵਿੱਚ ਮਾਸਟਰ ਗੁਰਪ੍ਰੀਤ ਸਿੰਘ ਦੱਸਦੇ ਹਨ “ਸੁਪਨਾ ਪੂਰਾ ਹੋਵੇਗਾ ਕਿ ਨਹੀਂ ਇਹ ਸੋਚਣ ਨਾਲੋ ਜ਼ਿਆਦਾ ਜ਼ਰੂਰੀ ਇਹ ਸੋਚਣਾ ਹੁੰਦਾ ਕਿ ਮੈਂ ਅਪਣਾ ਸੁਪਨਾ ਪੂਰਾ ਕਰਨ ਲਈ ਦਿਨ ਰਾਤ ਕਿੰਨੀ ਕੁ ਮਿਹਨਤ ਕਰ ਸਕਦਾ” ਬਾਕੀ ਸਭ ਓ ਦੇਖੂ ਜਿਸ ਨੇ ਜ਼ਿੰਦਗੀ ਬਖਸ਼ੀ ਹੈ..
ਤੂੰ ਉੱਦਮ ਕਰ
ਖੁਦ ਨਾਲ ਇਕਰਾਰ ਕਰ
ਬਾਕੀ ਸਭ ਗੱਲਾਂ ਇੱਕ ਪਾਸੇ
ਬਸ ਅਪਣੇ ਸੁਪਨੇ ਦੇ ਨਾਲ
ਪਿਆਰ ਕਰ

5)
ਜਦੋਂ ਸਭ ਕੁਝ, ਸਭ ਗੱਲਾਂ ਅਚਾਨਕ ਕਿਰਦਾਰ ਦੇ ਅੱਖਾਂ ਮੂਹਰੇ ਘੁੰਮੀਆਂ ਤਾਂ ਉਸ ਨੇ ਖੁਦ ਵੱਲ, ਆਪਣੇ ਜੀਵਨ ਵੱਲ ਧਿਆਨ ਦਿੱਤਾ। ਕਿ ਉਸ ਦਾ ਜੀਵਨ, ਉਸ ਦੀ ਜ਼ਿੰਦਗੀ ਕਿਸ ਰਾਹ ਤੇ ਜਾ ਰਹੀ ਹੈ? ਉਸ ਦਾ ਸੁਪਨਾ ਕੀ ਸੀ? ਉਹ ਕੀ ਤੋ ਕੀ ਹੋ ਗਿਆ?
ਅਨੇਕਾਂ ਹੀ ਸਵਾਲ ਉਸ ਦੇ ਜ਼ਿਹਨ(ਦਿਮਾਗ) ਵਿੱਚ ਆਏ। ਉਹ ਬਹੁਤ ਦੁਬਿਧਾ ਵਿੱਚ ਸੀ। ਇੱਕ ਤਾਂ ਸਾਰੇ ਦਿਨ ਦੀ ਥਕਾਵਟ ਉਪਰੋਂ ਇਹ ਸਾਰੇ ਸਵਾਲ ਜਿਸ ਦਾ ਉਸ ਨੂੰ ਕੋਈ ਵੀ ਜਵਾਬ ਨਹੀਂ ਸੀ ਮਿਲ ਰਿਹਾ। ਸਭ ਸੋਚਦੇ ਸੋਚਦੇ ਕਿਰਦਾਰ ਤਾਰਿਆਂ ਦੀ ਛਾਵੇਂ ਪੱਖੇ ਦੀ ਖਟ ਖਟ ਵਿੱਚ ਗਹਿਰੀ ਨੀਂਦ ਵਿੱਚ ਸੌ ਗਿਆ। ਹੁਣ ਲੱਗ ਰਿਹਾ ਸੀ ਜਿਵੇਂ ਸਵੇਰ ਨਹੀਂ ਕਿਰਦਾਰ ਦੀ ਜ਼ਿੰਦਗੀ ਚ ਨਵਾਂ ਸਵੇਰਾ ਹੋਵੇਗਾ। ਕੋਈ ਨਵੀ ਸੋਚ ਜਨਮ ਲਵੇਗੀ। ਕੋਈ ਨਵਾਂ ਅਧਿਆਏ ਸ਼ੁਰੂ ਕਰ ਜ਼ਿੰਦਗੀ ਦੀਆ ਮੁਸਕਲਾਂ ਖਤਮ ਹੋ ਜਾਣਗੀਆਂ….
ਕੁਝ ਖੁਆਬ ਬੁੱਕਲ ਚ ਲੈ
ਸੋਇਆ ਦਰਦ ਅਵੱਲਾ
ਥੱਕਿਆ ਟੁੱਟਿਆ ਵੀ ਖੁਸ਼ ਹੋਵੇ
ਅਣਜਾਣ ਸੁਪਨਿਆਂ ਤੋਂ ਝੱਲਾ

6)
ਸਵੇਰ ਹੋਈ ਪਰ ਅੱਜ ਪਹਿਲਾ ਦੀ ਤਰਾਂ ਮੁੱਖ ਤੇ ਕੋਈ ਥਕਾਵਟ ਜਾ ਪ੍ਰੇਸ਼ਾਨੀ ਨਹੀਂ ਸੀ। ਇੱਕ ਨਵੀ ਉਮੀਦ ਦਾ ਨੂਰ ਚਿਹਰੇ ਤੇ ਸਾਫ ਝਲਕ ਰਿਹਾ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿਰਦਾਰ ਨੂੰ ਉਸ ਦੀ ਮੰਜ਼ਿਲ, ਉਸ ਦੇ ਸੁਪਨਿਆਂ ਦੀ ਉਡਾਣ ਦਾ ਰਾਹ ਮਿਲ ਗਿਆ ਹੋਵੇ। ਉਹ ਅੱਜ ਆਪਣੀ ਬੇਬੇ ਅਤੇ ਬਾਪੂ ਕੋਲ ਜਾਂਦਾ ਹੈ। ਓਨਾ ਦੇ ਪੈਰੀ ਹੱਥ ਲਗਾ ਆਖਣਾ ਕਰਦਾ ਹੈ…
ਬੀਬੀ ਭਾਪੇ ਮੈਂ ਤੁਹਾਡੇ ਨਾਲ ਇੱਕ ਕਰਨੀ ਹੈ। ਮੈਂ ਅਪਣੀ ਜ਼ਿੰਦਗੀ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੁੰਦਾ। ਮੈਂ ਮੇਰੀ ਜ਼ਿੰਦਗੀ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹਾਂ। ਮੈਂ ਕੁਝ ਬਣਨਾ ਚਾਹੁੰਦਾ ਹਾਂ, ਆਪਣੇ ਪੈਰਾਂ ਤੇ ਖੜ੍ਹੇ ਹੋਣਾ ਚਾਹੁੰਦਾ ਹਾਂ।
ਇਹ ਸਭ ਕੁਝ ਉਸ ਦੇ ਮਾਤਾ ਪਿਤਾ ਸੁਣ ਰਹੇ ਸਨ ਅਤੇ ਹੈਰਾਨੀ ਜਨਕ ਅੱਖਾਂ ਨਾਲ ਕਿਰਦਾਰ ਦੇ ਮੂੰਹ ਵੱਲ ਦੇਖ ਰਹੇ ਸਨ। ਉਹ ਸੋਚ ਰਹੇ ਸਨ ਕਿ ਸਾਡਾ ਪੁੱਤਰ ਕਿਸ ਸੁਪਨੇ ਦੀ ਗੱਲ ਕਰ ਰਿਹਾ ਹੈ?

7)
ਹੁਣ ਕਿਰਦਾਰ ਜਦੋ ਆਪਣੇ ਮਾਤਾ ਪਿਤਾ ਤੋ ਆਸੀਰਵਾਦ ਲੈਣ ਲਈ ਅੱਗੇ ਵਧਦਾ ਹੈ ਤਾਂ ਕਿਰਦਾਰ ਦੀ ਮਾਂ ਬੋਲਦੀ ਹੈ.
“ਪੁੱਤ ਸਾਡਾ ਆਸੀਰਵਾਦ ਤਾਂ ਹਮੇਸ਼ਾ ਤੇਰੇ ਨਾਲ ਹੀ ਹੈ ਤੂੰ ਜੋ ਵੀ ਕਰੇ ਰੱਬ ਕਰੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਹੋਵੇ”
ਪਰ ਪੁੱਤਰ ਸਾਨੂੰ ਇਹ ਤਾਂ ਦੱਸ ਕਿ ਤੂੰ ਕਰਨਾ ਕੀ ਚਹੁੰਨਾ ਏ ?
ਫਿਰ ਕਿਰਦਾਰ ਥੋੜਾ ਜਿਹਾ ਮੁਸਕਰਾ ਕਿ ਆਪਣੀ ਬੇਬੇ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਆਖਦਾ ਹੈ…
“ਬੇਬੇ ਮੈਂ ਬਾਰਾਂ ਪੜਿਆ ਹਾਂ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਹਲਾਤਾਂ ਕਰ ਕੇ ਪੜ ਨਹੀਂ ਸਕਿਆ। ਮੈਂ ਸੁਰੂ ਤੋਂ ਹੀ ਦੇਸ ਦੀ ਅਤੇ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ। ਮੈਂ ਫ਼ੋਜੀ ਬਣਨਾ ਚਾਹੁੰਦਾ ਹਾਂ।
ਕਰਾ ਸੇਵਾ ਦੇਸ ਰਾਜ ਦੀ ਮੈਂ
ਪਾ ਬਾਣਾ ਦੇਸ ਦੇ ਚੌਂਕੀਦਾਰ ਦਾ
ਕਰਾ ਰੌਸ਼ਨ ਨਾਮ ਅਪਣੇ ਮਾਂ ਬਾਪ ਦਾ
ਬਸ ਇਹੋ ਸੁਪਨਾ ਹੈ ਕਿਰਦਾਰ ਦਾ…

8)
ਹੁਣ ਸੁਰੂ ਹੁੰਦਾ ਸਫਰ ਸਜਾਏ ਹੋਏ ਸੁਪਨੇ ਨੂੰ ਪੂਰਾ ਕਰਨ ਦਾ।
ਮਾਂ ਅਪਣੇ ਪੁੱਤ ਦੀ ਗੱਲ ਸੁਣ ਬਹੁਤ ਖੁਸ਼ ਹੁੰਦੀ ਹੈ। ਬਾਪੂ ਦਾ ਸੀਨਾ ਗਰਭ ਨਾਲ ਚੋੜਾ ਹੋ ਜਾਂਦਾ ਹੈ। ਬਾਪੂ ਆਖਦਾ ਹੈ..
“ਮੈਂਨੂੰ ਮਾਣ ਹੈ ਪੁੱਤਰਾ ਤੇਰੀ ਸੋਚ ਤੇ, ਤੂੰ ਕਰ ਕੀ ਕਰਨਾ ਚਾਹੁੰਦਾ ਹੈ ਮੈਂ ਹਮੇਸ਼ਾ ਤੇਰੇ ਨਾਲ ਖੜਾ ਹਾਂ”
ਹੁਣ ਕਿਰਦਾਰ ਦਾ ਸੁਪਨਾ ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਸਾਫ ਦਿਖਾਈ ਦੇ ਰਿਹਾ ਸੀ। ਪਰ ਇਸ ਨੂੰ ਕਹਿਣਾ ਜਿਨਾਂ ਸੌਖਾ ਲੱਗ ਰਿਹਾ ਸੀ ਕਰਨਾ ਓਨਾ ਹੀ ਜ਼ਿਆਦਾ ਮੁਸ਼ਕਿਲ ਸੀ। ਕਿਰਦਾਰ ਨੇ ਸਭ ਤੋਂ ਪਹਿਲਾਂ ਜੋ ਕੰਮ ਸੁਰੂ ਕੀਤਾ ਓ ਸੀ ਦੋੜਨ ਦਾ। ਉਹ ਰੋਜ ਸਵੇਰ ਨੂੰ ਉੱਠਦਾ ਤੇ ਉੱਠ ਕੇ ਦੋੜਨ ਲਈ ਚਲਾ ਜਾਂਦਾ.। ਕਈ ਦਿਨ ਇਸੇ ਤਰਾਂ ਚਲਦਾ ਰਿਹਾ। ਇੱਕ ਮਹੀਨਾ ਬੀਤ ਜਾਣ ਮਗਰੋਂ ਜਦੋਂ ਕਿਰਦਾਰ ਖੁੱਲੀ ਭਰਤੀ ਦੇਖਣ ਲਈ ਸਹਿਰ ਗਿਆ ਤਾਂ ਉਹ ਹੈਰਾਨ ਹੋ ਗਿਆ ਉੱਥੇ ਨੋਜਵਾਨਾਂ ਦੀ ਭੀੜ ਦੇਖ ਕੇ। ਹੁਣ ਜਦੋ ਕਿਰਦਾਰ ਦੀ ਬਾਰੀ ਆਈ ਦੋੜਨ ਦੀ ਤਾਂ 100 ਮੁੰਡਿਆ ਦੇ ਟੋਲੇ ਚ ਉਸ ਤੋਂ ਨਾ ਦੋੜਿਆ ਗਿਆ ਤੇ ਦੜਾਮ ਦੇਣੇ ਹੇਠਾਂ ਗਿਰ ਗਿਆ। ਗੋਡੇ ਦੀ ਸੱਟ ਤੇ ਲਟਕਿਆ ਹੋਇਆ ਮੂੰਹ ਲੈ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਦੇਖ ਕੇ ਉਸ ਦੀ ਮਾਂ ਇੱਕ ਦਮ ਚੁੱਪ ਹੋ ਗਈ।

9)
ਕਿਰਦਾਰ ਮਾਂ ਦੇ ਗਲੇ ਲੱਗ ਰੋਣ ਲੱਗ ਪਿਆ। ਮਾਂ ਨੇ ਪੁੱਛਿਆ ਕਿ ਕੀ ਹੋਇਆ ਪੁੱਤ ਤਾਂ ਆਖਣ ਲੱਗਾ ਕਿ ਉਹ ਭਰਤੀ ਨਹੀਂ ਹੋ ਸਕਿਆ, ਉਹ ਹਾਰ ਗਿਆ ਤੇ ਘਰ ਵਾਪਸ ਆ ਗਿਆ।
ਮਾਂ ਨੇ ਸਾਰੀ ਗੱਲ ਸੁਣ ਥੋੜਾ ਜਿਹਾ ਮੁਸਕਰਾ ਕਿ ਬੋਲੀ ਕਿ ਪੁੱਤਰਾ, “ਮਨ ਦੇ ਹਾਰੇ ਹਾਰ, ਮਨ ਦੇ ਜਿੱਤੇ ਜਿੱਤ”
ਕਿਰਦਾਰ ਇੱਕ ਦਮ ਚੁੱਪ ਕਰ ਮਾਂ ਵੱਲ ਦੇਖਣ ਲੱਗਿਆ। ਮਾਂ ਨੇ ਕਿਹਾ ਪੁੱਤ ਕੋਈ ਨਾ ਫੇਰ ਕੀ ਹੋਇਆ ਇੱਕ ਵਾਰ ਹਾਰ ਜਾਣ ਨਾਲ ਜ਼ਿੰਦਗੀ ਨਹੀਂ ਹਾਰਦੀ, ਇਹ ਤਾਂ ਸਮਾਂ ਹੀ ਆ ਜੋ ਤੁਹਾਨੂੰ ਹੋਰ ਮਜਬੂਤ ਕਰਨਾ ਚਾਹੁੰਦਾ ਹੈ। ਤੂੰ ਆਪਣਾ ਦਿਲ ਛੋਟਾ ਨਾ ਕਰ ਅੱਗੇ ਤੋਂ ਹੋਰ ਮਿਹਨਤ ਕਰਨੀ ਆ ਤਾਂ ਜੋ ਦੇਸ਼ ਦੀ ਸੁਰੱਖਿਆ ਤੇ ਸੇਵਾ ਲਈ ਕੋਈ ਕਮੀ ਨਾ ਰਹਿ ਜਾਵੇ।

10)
ਮਾਂ ਦੀਆ ਦੁਆਵਾਂ, ਮਾਂ ਦਾ ਆਸੀਰਵਾਦ ਤਾਂ ਪੱਥਰਾਂ ਵਿੱਚ ਵੀ ਜਾਨ ਪਾ ਦੇਵੇ, ਕਿਰਦਾਰ ਤਾਂ ਫਿਰ ਵੀ ਇਨਸਾਨ ਆ। ਮਾਂ ਦੀ ਕਹੀ ਇੱਕ ਇੱਕ ਗੱਲ ਕਿਰਦਾਰ ਦੇ ਦਿਲ ਵਿੱਚ ਵੱਸ ਗਈ। ਹੁਣ ਉਸ ਨੇ ਹੋਰ ਮਿਹਨਤ ਅਤੇ ਲਗਨ ਨਾਲ ਮਿਹਨਤ ਸੁਰੂ ਕਰ ਦਿੱਤੀ। ਨਾ ਦਿਨ ਦਾ ਪਤਾ ਨਾ ਰਾਤ ਦੀ ਪ੍ਰਵਾਹ। ਇੰਝ ਲੱਗਦਾ ਸੀ ਕਿ ਨੀਂਦ ਜਿਵੇਂ ਕਿਰਦਾਰ ਦੀਆ ਅੱਖਾਂ ਵਿੱਚੋ ਖੰਭ ਲਾ ਕੇ ਕਿਤੇ ਉੱਡ ਹੀ ਗਈ ਹੋਵੇ..
ਕਿਰਦਾਰ ਦਾ ਸੁਪਨਾ ਕਿਰਦਾਰ ਦੀ ਜ਼ਿੰਦਗੀ ਬਣ ਗਿਆ ਸੀ..
ਹੁਣ ਫਿਰ ਜਦੋ ਦੁਬਾਰਾ ਭਰਤੀ ਖੁੱਲੀ ਤਾਂ ਕਿਰਦਾਰ ਨੇ ਹਰ ਇਮਤਿਹਾਨ ਅੱਵਲ ਦਰਜੇ ਵਿੱਚ ਪਾਸ ਕੀਤਾ। ਹੁਣ ਉਹ ਆਪਣੀ ਤਾਲੀਮ(ਟ੍ਰੇਨਿੰਗ) ਪੂਰੀ ਕਰ ਸਰਹੱਦ ਤੇ ਬਤੌਰ ਸੈਨਿਕ ਦੇਸ਼ ਦੀ ਸੇਵਾ ਕਰ ਰਿਹਾ ਹੈ।
ਉਹ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਚਾਰ ਚੰਨ ਲਾ ਕੇ ਆਪਣਾ ਨਾਮ ਅਤੇ ਜੀਵਨ ਦੋਨੋ ਹੀ ਚਮਕਾ ਗਿਆ। ਉਸ ਦਾ ਸੁਪਨਾ ਉਸ ਦੀ ਜ਼ਿੰਦਗੀ ਦਾ ਰੂਪ ਬਦਲ ਗਿਆ।
“ਸੁਪਨਾ ਓ ਦੇਖੋ ਜਿਸ ਨੂੰ ਪੂਰਾ ਕਰੇ ਬਿਨਾਂ ਤੁਹਾਨੂੰ ਨੀਂਦ ਨਾ ਆਵੇ”

11)
ਇਹ ਕਹਾਣੀ ਲਿਖਣ ਦਾ ਮੇਰਾ ਬਸ ਐਨਾ ਕੁ ਮਕਸਦ ਹੈ ਕਿ ਜੋ ਲੋਕ ਆਪਣੀ ਮਜ਼ਬੂਰੀ ਨੂੰ ਆਪਣੀ ਕਮਜ਼ੋਰੀ ਬਣਾ ਲੈਂਦੇ ਹਨ । ਉਹ ਲੋਕ ਅਪਣੇ ਸੁਪਨੇ ਨੂੰ ਆਪਣੀ ਤਾਕਤ ਬਣਾ ਲੰਬੀਆਂ ਉਡਾਈਆਂ ਮਾਰਨ। ਓਨਾ ਦਾ ਸੋਇਆ ਹੋਇਆ ਹੌਸਲਾ ਜਾਗ ਜਾਵੇ ਅਤੇ ਉਹ ਆਪਣੇ ਅੰਦਰ ਦੇ ਕਿਰਦਾਰ ਨੂੰ, ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਣ ਕੇ ਇੱਕ ਨਵੀਂ ਸੋਚ ਨਾਲ ਇੱਕ ਨਵੀ ਜ਼ਿੰਦਗੀ ਸੁਰੂ ਕਰਨ। ਆਖਿਰ ਚ ਇਹ ਦੋ ਸਬਦ ਬੋਲ ਮੈਂ ਅਲਵਿਦਾ ਕਹਿ ਕੇ ਇੱਕ ਨਵੀ ਸਬਦਾਂ ਰਾਹੀਂ ਸੋਚ ਲੈ ਫਿਰ ਹਾਜਿਰ ਹੋਵਾਂਗਾ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।

ਉੱਠ ਚੱਲ ਹੁਣ
ਕਿਸਮਤ ਨੂੰ ਛੱਡ ਕੋਸਣਾ
ਕਰ ਹੌਸਲਾ ਲੰਬੀ
ਉਡਾਣ ਭਰਜਾ
ਤੇਰੇ ਨਾ ਹੋਣ ਪਿੱਛੋ ਵੀ
ਤੇਰੀ ਸਿਫ਼ਤ ਹੋਵੇ
ਕੁਝ ਐਸਾ ਤੂੰ
ਦੁਨੀਆ ਚ ਕੰਮ ਕਰਜਾ।

ਗੁਰਪ੍ਰੀਤ ਸਿੰਘ ਰਣਬੀਰਪੁਰਾ
@writer_gurpreet_2.0
98775 16386

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment