ਸੀਰੀ

4.5/5 - (2 votes)

ਸੀਰੀ

ਸਮੇਂ ਨੇ ਕੈਸੀ ਕਰਵਟ ਲਿੱਤੀ ਹੈ ਕੋਈ ਵਕਤ ਸੀ ਜੇ ਜ਼ਿਮੀਂਦਾਰ ਮੰਜੇ ਉੱਤੇ ਬੈਠਾ ਹੋਵੇ ਤਾਂ ਸੀਰੀ ਕੋਲ ਪੈਰਾਂ ਭਾਰ ਬੈਠਾ ਹੁੰਦਾ ਸੀ। ਬਰਾਬਰ ਬੈਠਣ ਵਾਰੇ ਤਾਂ ਸੋਚ ਹੀ ਨਹੀਂ ਸੀ ਸਕਦਾ। ਪਰ ਅੱਜ ਸਰਦਾਰ ਅਰਜਣ ਸਿੰਘ ਅਤੇ ਉਸ ਦੇ ਸੀਰੀ ਬੀਰੀ ਨੂੰ ਪਿੰਡ ਦੀ ਫਿਰਨੀ ਉੱਤੇ ਇੱਕੋ ਪਾਇਪ ਉੱਤੇ ਇਕੱਠੇ ਬੈਠ ਕਿ ਗੱਲਾਂ ਕਰਦਿਆਂ ਦੇਖ ਬਹੁਤ ਚੰਗਾ ਲੱਗਿਆ।

 

ਜਦੋਂ ਦਾ ਅਰਜਣ ਸਿੰਘ ਦਾ ਇਕਲੌਤਾ ਮੁੰਡਾ ਤਨਵੀਰ ਪੜਨ ਲਈ ਕਨੇਡਾ ਉਡਾਰੀ ਮਾਰ ਗਿਆ ਅਰਜਣ ਸਿੰਘ ਅਤੇ ਬੀਰੀ ਵਿੱਚਕਾਰ ਨੇੜਤਾ ਵੱਧ ਗਈ ਹੈ। ਸ਼ਾਮ ਨੂੰ ਇਕੱਲਾਪਨ ਦੂਰ ਕਰਨ ਲਈ ਅਰਜਣ੍ ਸਿੰਘ ਅਕਸਰ ਬੀਰੀ ਨਾਲ ਬੈਠ ਕੇ ਦੇਰ ਤੱਕ ਗੱਲਾਂ ਕਰਦਾ ਰਹਿੰਦਾ ਹੈ।

 

ਅਰਜਣ ਸਿੰਘ ਗੰਨੇ ਦੀ ਪੋਰੀ ਛਿੱਲਦਾ ਬੋਲਿਆ,” ਅਜੇ ਕੱਲ ਦੀ ਗੱਲ ਹੈ ਜਦੋਂ ਬੀਰੀ ਤੂੰ ਸਾਡੇ ਸੀਰੀ ਰਲਿਆ ਸੀ ਤਨਵੀਰ ਭੋਰਾ ਕੂ ਸੀ। ਦੇਖ ਲੈ ਅੱਜ ਪਰਦੇਸ ਵਿੱਚ ਕਮਾ ਖਾ ਰਿਹਾ ਹੈ।”

 

” ਸਭ ਦਾਣੇ ਪਾਣੀ ਦੀ ਗੱਲ ਆ ਸਰਦਾਰ ਜੀ ਜਿੱਥੇ ਜਿੱਥੇ ਲਿਖਿਆ ਹੁੰਦਾ ਬੰਦਾ ਆਪੇ ਜਾ ਪਹੁੰਚਦਾ। ਦੇਖ ਲਵੋ ਸਾਡਾ ਦਾਣਾ ਪਾਣੀ ਤੁਹਾਡੇ ਵੱਲ ਲਿਖਿਆ ਹੋਇਆ ਸੀ ਪਿਛਲੀਆਂ ਤਿੰਨ ਪੁਸ਼ਤਾਂ ਤੋਂ ਤੁਹਾਡੇ ਨਾਲ ਰਲੇ ਹੋਏ ਹਾਂ।” ਬੀਰੀ ਲੋਈ ਦੀ ਬੁੱਕਲ ਸੰਵਾਰਦਾ ਬੋਲਿਆ।

 

” ਤਿੰਨ ਪੁਸ਼ਤਾਂ ! ਦੇਖ ਲੈ , ਬੀਰੀ ਵਕਤ ਦੀ ਰਫ਼ਤਾਰ ਦੇਖ ਲੈ ਤਨਵੀਰ ਦੇ ਜਾਣ ਨਾਲ ਇਹ ਰਿਸ਼ਤਾ ਵੀ ਖ਼ਤਮ ਹੁੰਦਾ ਲਗਦਾ। ਹੁਣ ਮੇਰੇ ਬਾਅਦ ਇਸ ਪੈਲੀ ਨੂੰ ਬੀਜਣ ਕਰਨ ਵਾਲਾ ਕੋਈ ਨਹੀਂ ਰਹਿਣਾ ਫੇਰ ਤੁਹਾਡੇ ਵਿੱਚੋਂ ਕਿਸੇ ਨੇ ਸਾਡੇ ਸੀਰੀ ਵੀ ਨਹੀਂ ਰਲਨਾ।” ਬੀਰੀ ਦੀ ਅਵਾਜ਼ ਵਿੱਚ ਉਦਾਸੀ ਮਹਿਸੂਸ ਹੋ ਰਹੀ ਹੈ

 

” ਜੇ ਜ਼ਿਮੀਂਦਾਰ ਚੰਗੇ ਸੁਭਾਅ ਦਾ ਤਾਂ ਠੀਕ ਆ ਨਹੀਂ ਤਾਂ ਸੀਰੀ ਨਾਲ ਤਾਂ ਕੁੱਤੇ ਖਾਣੀ ਬਹੁਤ ਆ। ਬੀਬੀ ਦੱਸਦੀ ਹੁੰਦੀ ਆ ਸਾਡੇ ਵੱਡੇ ਬਾਈ ਨੇ ਤੁਹਾਡੇ ਵਡੇਰਿਆਂ ਕੋਲੋਂ ਲੋੜ ਪੈਣ ਉੱਤੇ ਇੱਕ ਸਾਲ ਦੀ ਤਨਖ਼ਾਹ ਕਰਜੇ ਦੇ ਤੌਰ ਤੇ ਲੈ ਲਈ ਸੀ ਖਰੇ ਦੋ ਸੌ ਰੁਪਏ ….. ਉਸ ਦੇ ਬਦਲੇ ਬਹੁਤ ਕੰਮ ਕਰਨਾ ਪਿਆ ਫੇਰ ਬਾਈ ਨੂੰ। ਸਾਰਾ ਸਾਲ ਕੰਮ ਕਰਨ ਤੋਂ ਬਾਅਦ ਜਦੋਂ ਹਿਸਾਬ ਕਿਤਾਬ ਕਰਿਆ ਦੋ ਸੌ ਰੁਪਏ ਫੇਰ ਖੜੇ ਦੇ ਖੜੇ ਪੂਰੇ ਸਾਲ ਦੀ ਮਿਹਨਤ ਮਜ਼ਦੂਰੀ ਬਾਅਦ ਦੋ ਸੌ ਰੁਪਏ ਦਾ ਵਿਆਜ਼ ਹੀ ਪੂਰਾ ਹੋਇਆ ਸੀ। ਸਮੇਂ ਨਾਲ ਲੋੜਾਂ ਵਧਦੀਆਂ ਗਈਆਂ ਤਨਖ਼ਾਹ ਨਾ ਵਧੀ ਹਾਂ ਕਰਜ਼ਾ ਵਧਦਾ ਗਿਆ। ਹੋਰ ਕਰਜ਼ਾ ਦੇਣ ਤੋਂ ਪਹਿਲਾਂ ਕਾਗ਼ਜ਼ ਬਣਾ ਕਿ ਬਾਈ ਦਾ ਅੰਗੂਠਾ ਲਵਾਇਆ ਸੀ ਕਿ ਜੇ ਤੇਰੇ ਤੋਂ ਕਰਜ਼ਾ ਨਾ ਲਿਹਾ ਤਾਂ ਤੇਰਾ ਮੁੰਡਾ ਸਾਡੇ ਸੀਰੀ ਰਲੇਗਾ। ਇਹ ਤਾਂ ਤੁਸੀਂ ਰੱਬ ਵਰਗੇ ਮਿਲ ਗਏ ਸਭ ਕੁੱਝ ਛੱਡ ਛਡਾ ਦਿੱਤਾ ਨਹੀਂ ਤਾਂ ਖ਼ੌਰੇ ਅਜੇ ਹੋਰ ਕਿੰਨੀ ਦੇਰ ਸੀਰੀ ਰਲਨਾ ਪੈਣਾ ਸੀ ਜਵਾਕਾਂ ਨੂੰ।” ਬੀਰੀ ਗੱਲ ਕਰਦਾ ਮੂੰਹ ਲੁਕਾ ਰਿਹਾ ਹੈ

 

” ਹਾਂ ਗ਼ਰੀਬ ਨਾਲ ਧੱਕਾ ਤਾਂ ਹੁੰਦਾ ਆਇਆ।” ਅਰਜਣ ਬੀਰੀ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਾ ਬੋਲਿਆ

 

” ਫੋੜੇ ਤੇ ਲਾਉਣਾ ਐਸੇ ਮਾਲਕ ਨੂੰ ਜਿਹੜਾ ਗਰੀਬ ਦਾ ਲਹੂ ਪੀ ਜਾਵੇ……” ਬੀਰੀ ਗੁੱਸਾ ਜ਼ਾਹਿਰ ਕਰਦਾ ਬੋਲਿਆ

 

ਅਰਜਣ ਸਿੰਘ ਦੀ ਜੇਬ ਵਿੱਚ ਫੋਨ ਬੋਲਿਆ ਜਦੋਂ ਉਸ ਨੇ ਕੱਢ ਕਿ ਦੇਖਿਆ ਤਾਂ ਤਨਵੀਰ ਦਾ ਫੋਨ ਹੈ। ਉਹ ਤਨਵੀਰ ਨਾਲ ਗੱਲ ਖ਼ਤਮ ਕਰਦਾ ਬੀਰੀ ਨਾਲ ਬੋਲਿਆ …… “ਵਧਾਈਆਂ ਬੀਰੀ ਤੈਨੂੰ ਤੇਰੇ ਛੋਟੇ ਸਰਦਾਰ ਨੇ ਕੈਨੇਡਾ ਵਿੱਚ ਆਪਣਾ ਘਰ ਲੈ ਲਿਆ। ਢਾਈ ਕਰੋੜ ਦਾ ਆਇਆ।”

 

ਬੀਰੀ ਖੁਸ਼ ਅਤੇ ਹੈਰਾਨ ਹੁੰਦਾ ਬੋਲਿਆ,” ਬਾਈ ਅਰਜਣ ਦੁਨੀਆ ਐਵੇਂ ਤਾਂ ਨਹੀਂ ਭੱਜੀ ਜਾਂਦੀ ਕੈਨੇਡਾ ਨੂੰ ਐਨੀ ਜਲਦੀ ਐਨਾ ਪੈਸਾ ਕਮਾ ਲਿਆ ਛੋਟੇ ਸਰਦਾਰ ਨੇ ਅਸ਼ਕੇ ਜਾਈਏ।”

 

” ਕਾਹਨੂੰ, ਤਨਵੀਰ ਨੇ ਤਾਂ ਥੋੜੇ ਪੈਸੇ ਦਿੱਤੇ ਨੇ ਬਾਕੀ ਤਾਂ ਬੈਂਕ ਨੇ ਕਰਜ਼ਾ ਦਿੱਤਾ ਹੈ। ਕਹਿੰਦਾ ਸੀ ਪੈਂਤੀ ਸਾਲ ਦੀਆਂ ਕਿਸ਼ਤਾਂ ਬਣਾਈਆਂ ਨੇ ਬੈਂਕ ਨੇ।” ਅਰਜਣ ਆਪਣੀ ਖਾਲੀ ਪਈ ਹਵੇਲੀ ਵੱਲ ਨਿਗਾਹ ਮਾਰਦਾ ਬੋਲਿਆ

 

ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਬੀਰੀ ਉੱਠ ਕੇ ਘਰ ਨੂੰ ਜਾਂਦਾ ਬੋਲਿਆ,” ਬਾਈ ਐਂ ਲਗਦਾ ਜਿਵੇਂ ਤਨਵੀਰ ਬੈਂਕ ਨਾਲ ਸੀਰੀ ਰਲ ਗਿਆ ਹੋਵੇ …… ਪੈਂਤੀ ਸਾਲ ਕਿਤੇ ਅੱਜ ਹੀ ਪੂਰੇ ਹੋਣ ਲੱਗੇ ਨੇ ……. ਪੈਂਤੀ ਸਾਲ !!!!”

 

ਕਾਹਦਾ ਤੋੜਾ ਸੀ ਇੱਥੇ …….

 

ਪੱਥਰਾ ਗਿਆ ਹੈ ਅਰਜਣ ਸਿੰਘ ਬੀਰੀ ਦੀ ਗੱਲ ਸੁਣ ਕੇ…… ਬੈਂਕ ਨਾਲ ਤਨਵੀਰ ਸੀਰੀ ਰਲ ਗਿਆ …… ਸਰਦਾਰੀ ਤੋਂ ਸੀਰੀ ਦਾ ਸਫ਼ਰ….. ਇਹ ਕੀ ਹੋ ਗਿਆ ……. ਸਿਆਣੇ ਕਹਿੰਦੇ ਹੁੰਦੇ ਸੀ ਕਰਜ਼ੇ ਉੱਤੇ ਲਈ ਬੱਕਰੀ ਰੋਜ਼ ਸੂੰਦੀ ਆ ਰੋਜ਼ ਦਿੰਦੀ ਆ ਵਿਆਜ਼ ਵਾਲੇ ਮੇਮਣੇ …… ਤੇ ਪੈਂਤੀ ਸਾਲ ……. ਕਰਜ਼ਾਈ ਹੋ ਕੇ ਜਿਊਣਾ ਅਰਜਣ ਸਿੰਘ ਨੂੰ ਠੰਢ ਵਿੱਚ ਪਸੀਨਾ ਆ ਗਿਆ ਸੋਚ ਕਿ।

 

ਰਘਵੀਰ ਵੜੈਚ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment