ਸੁਵਾਦ (ਵਿਅੰਗ )
ਬੱਚਾ ਜਦੋਂ ਸੰਸਾਰ ਵਿੱਚ ਆਉਂਦਾ ਹੈ ਓਸ ਵੇਲੇ ਓਹਨੂੰ ਕੁੱਝ ਦੀਨ ਦੁਨੀਆਂ ਦਾ ਪਤਾ ਨਹੀਂ ਹੁੰਦਾਂ ਮਗਰ ਮਾਂ ਦੁੱਧ ਦਾ ਸੁਵਾਦ ਉਸਨੂੰ ਠੰਡਾ ਤੱਤਾ ਬਾਸੀ ਆਦਿ ਸੁਵਾਦ ਦਾ ਪਤਾ ਬਾਖੂਬੀ ਲੱਗ ਜਾਂਦਾ ਹੈ ਬੋਲ ਤਾਂ ਨਹੀਂ ਸੱਕਦਾ ਪਰ ਬਾਹਵਾਂ ਮਾਰ ਕੇ ਆਪਣੇ ਸਵਾਦ ਦਾ ਇਹਸਾਸ ਦੂਸਰੇ ਨੂੰ ਜਰੂਰ ਕਰਾ ਦੇਂਦਾ ਹੈ. ਥੋੜਾ ਵੱਡਾ ਹੁੰਦਾਂ ਹੈ ਤਾਂ ਉਸਦੇ ਮੰਨ ਪਸੰਦ ਪਦਾਰਥਾਂ ਦਾ ਖਿਆਲ ਉਸ ਦੇ ਮਾਪੇ ਵੀ ਕਰਦੇ ਹਨ ਕੁੱਝ ਬੱਚੇ ਦੇ ਆਪਣੇ ਜੀਨ ਦੇ ਸੁਵਾਦ ਅਨੁਸਾਰ ਆਪਣੇ ਸੁਵਾਦ ਖੁਦ ਤਲਾਸ਼ ਕਰਦਾ ਹੈ ਫੇਰ ਸਕੂਲ ਵਿੱਚ ਕੁੱਝ ਦੋਸਤਾਂ ਮਿੱਤਰਾਂ ਦੇ ਮਿਲਵਰਤਣ ਕਾਰਨ ਹੋਰ ਸੁਵਾਦਾਂ ਦਾ ਵੀ ਅਨੰਦ ਮਾਣ ਕੇ ਖੁਸ਼ੀ ਮਹਿਸੂਸ ਕਰਦਾ ਹੈ. ਫੇਰ ਜਦੋਂ ਉਹ ਜਵਾਨ ਹੁੰਦਾਂ ਹੈ ਤਾਂ ਮਾਂ ਦੇ ਖਾਣੇ ਨੂੰ ਤਰਜੀਹ ਦੇਂਦਾ ਹੈ.
ਫੇਰ ਹੋਲੀ ਹੋਲੀ ਕੰਮ ਧੰਦੇ ਜਾਂ ਨੌਕਰੀ ਕਾਰਨ ਉਸਦੇ ਸੁਵਾਦਾਂ ਦੇ ਵਿੱਚ ਤਬਦੀਲੀ ਆਉਣਾ ਸੁਭਾਵਕ ਹੀ ਹੈ.
ਮਾਂ ਬਾਪ ਉਸਦੇ ਨਿੱਤ ਦੀਆਂ ਨਵੀਆਂ ਖੁਆਸ਼ਾਂ ਨੂੰ ਦੇਖਦੇ ਹੋਏ ਉਸਦੀ ਸ਼ਾਦੀ ਕਰ ਦੇਂਦੇ ਹਨ. ਬੱਸ ਫੇਰ ਤਾਂ ਕੁੱਝ ਚਿਰ ਓਹਨੂੰ ਪੱਤਨੀ ਦੇ ਖਾਣੇ ਦੇ ਸੁਵਾਦ ਤੋਂ ਸਿਵਾਏ ਕੁੱਝ ਹੋਰ ਚੰਗਾਂ ਨਹੀਂ ਲੱਗਦਾ. ਮਗਰ ਉਸ ਤੋਂ ਬਾਦ ਵਿੱਚ ਚੰਗਾਂ ਲੱਗੇ ਭਾਵੇਂ ਨਾਂ ਲੱਗੇ ਡਰਦਿਆਂ ਤਰੀਫ ਦੇ ਪੁਲ ਬਣਨੇ ਪੈਂਦੇ ਨੇ. ਫੇਰ ਉਹਨਾਂ ਨੂੰ ਆਪਣੇ ਬੱਚਿਆਂ ਦੇ ਸੁਵਾਦ ਦਾ ਫਿਕਰ ਸਤਾਉਂਦਾ ਹੈ ਇੱਸ ਤਰ੍ਹਾਂ ਇਹ ਸੁਵਾਦ ਦਾ ਗੇੜ ਏਸੇ ਤਰਹ ਜੀਵਨ ਸਫ਼ਰ ਦਾ ਹਿੱਸਾ ਬਣ ਜਾਂਦਾ ਹੈ. ਕਿਧਰੇ ਜਾਣਾ ਹੋਇਆ ਆਪਣੇ ਸੁਵਾਦ ਦੀਆਂ ਡਿਸ਼ਾਂ ਬਣਾ ਕੇ ਪੈਕ ਕਰਨੀਆਂ ਆਪ ਖਾਣੀਆਂ ਅਤੇ ਅਗਰ ਕੋਈ ਜਾਣਕਾਰ ਮਿਲ ਜਾਏ ਉਸਨੂੰ ਆਪਣੇ ਸੁਵਾਦ ਦਾ ਪ੍ਰਚਾਰ ਅਤੇ ਗੁਣਗਾਨ ਕਰਕੇ ਫ਼ਖ਼ਰ ਮਹਿਸੂਸ ਕਰਨਾ. ਅਗਰ ਕਿਸੇ ਸ਼ਾਦੀ ਤੇ ਜਾਣ ਦਾ ਅਵਸਰ ਮਿਲੇ ਤਾਂ ਸਭ ਤੋਂ ਪਹਿਲਾਂ ਆਪਣੇ ਸੁਵਾਦ ਪ੍ਰਤੀ ਹੀ ਝਾਤ ਮਾਰਨੀ. ਜੇਕਰ ਬੇਸੁਆਦਾ ਮਿਲਿਆ ਤਾਂ ਉਸਦਾ ਭੰਡੀ ਪ੍ਰਚਾਰ ਕਰਕੇ ਵੀ ਸੁਵਾਦ ਲੈਣਾ. ਅਤੇ ਕਹਿਣਾ ਕੀ ਇਹ ਭੁੱਖੜ ਜਹੇ ਬੰਦੇ ਟੱਕਰੇ ਨੇ ਇੱਕੋ ਇੱਕ ਵਿਆਹ ਕਰਨਾ ਸੀ ਓਥੇ ਵੀ ਕੜੀ ਘੋਲ ਦਿੱਤੀ ਹੈ. ਫੇਰ ਕਿਸੇ ਹੋਰ ਵਿਆਹ ਦੀ ਸਿਫਤ ਕਰਕੇ ਸੁਆਦ ਲੈਣਾ. ਕੀ ਦੱਸੀਏ ਭੈਣਾਂ ਵਿਆਹ ਤਾਂ ਉਹ ਸੀ ਕਿੰਨਾ ਵਧੀਆ ਸੁਵਾਦਲੇ ਖਾਣੇ ਅੱਜ ਵੀ ਯਾਦ ਆਉਂਦਾ ਹੈ ਤਾਂ ਮੂੰਹ ਵਿੱਚ ਪਾਣੀ ਭਰ ਆਉਂਦਾ ਹੈ.
ਇਸੇ ਤਰਹ ਬੰਦਾ ਸਵਾਦ ਲੈਂਦਾ ਲੈਂਦਾ ਦੁਨੀਆਂ ਤੋਂ ਭਾਵੇਂ ਰੁਕਸਦ ਹੋ ਜਾਂਦਾ ਹੈ ਪਰ ਓਹਨੂੰ ਸੁਵਾਦ ਫੇਰ ਨਹੀਂ ਆਉਂਦਾ.
ਸ਼ਾਇਦ ਏਸੇ ਲਈ ਅੰਤਿਮ ਵੇਲੇ ਵੀ ਦੇਸੀ ਘਿਓ ਦਾ ਡੱਬਾ ਓਹਦੇ ਮਰੇ ਹੋਏ ਦੇ ਮੂੰਹ ਵਿੱਚ ਪਾਉਂਦੇ ਨੇ ਤੇ ਦਿੱਲ ੱਚ ਪੁੱਛਦੇ ਹੋਣੇ ਨੇ ਬਾਪੂ ਜੀ ਸੁਵਾਦ ਆਇਆ.
ਮਰਨ ਉਪਰਾਂਤ ਵੀ ਜਿਹੜੇ ਓਹਦੇ ਭੋਗ ਤੇ ਰੋਟੀ ਖਾਣ ਆਉਂਦੇ ਹਨ ਸੁਵਾਦ ਉਹਨਾਂ ਨੂੰ ਵੀ ਨਹੀਂ ਆਉਂਦਾ ਤੇ ਇਹ ਕਹਿਣੋ ਗੁਰੇਜ ਨਹੀਂ ਕਰਦੇ. ਹਾ ਨੀ ਦੱਸ ਇਹ ਕਿਹੜੀ ਭੋਗ ਦੀ ਰੋਟੀ ਨਾਂ ਕੋਈ ਚੱਜ ਦੀ ਸਬਜ਼ੀ ਨਾਂ ਕੋਈ ਮਿੱਠਾ. ਇਹਨਾਂ ਕੁੱਝ ਇਹਨਾਂ ਲਈ ਛੱਡ ਕੇ ਮਰਿਆ. ਇਹ ਉੱਕਾ ਹੀ ਮਰ ਗਏ. ਉਮੀਦ ਹੈ ਪਾਠਕਜਨਾਂ ਨੂੰ ਸੁਵਾਦ ਦਾ ਮਤਲਵ ਸਮਝ ਆ ਗਿਆ ਹੋਣਾ ਅਗਰ ਨਹੀਂ ਆਇਆ ਤਾਂ ਫੇਰ ਮੈਨੂੰ ਵੀ ਸੁਵਾਦ ਨਹੀਂ ਆਇਆ.
ਕੀਰਤ ਸਿੰਘ ਤਪੀਆ