ਮਾਏਂ ਨੀ ਅਸੀਂ ਤੇਰੇ ਬਾਝੋਂ
ਜਿਉਂਦਿਆਂ ਹੋਕੇ ਮੋਏ
ਸੱਧਰਾਂ ਵਾਲੀ ਹੋਈ ਝੋਲੀ ਖਾਲੀ
ਅਸੀਂ ਰੋ ਰੋ ਅਥਰੂ ਚੋਏ
ਤੇਰੇ ਬਿਨਾ ਨਾ ਕੋਈ ਲਾਡ ਲਡਾਏ
ਸਭ ਆਪਣੇ ਹੋਏ ਪਰਾਏ
ਬਾਪੂ ਵੀ ਛੱਡ ਗਿਆ ਉਂਗਲੀ ਫੜਨੀ
ਨਾ ਕੋਈ ਹੋਰ ਸਹਾਰਾ ਕੋਇ
ਭੈਣਾਂ ਵੀ ਤੁਰੀਆਂ ਵਿੱਚ ਦੇਸ਼ ਪਰਾਏ
ਅਤੇ ਵੀਰਾਂ ਵੀ ਮੁੱਖ ਮੋੜੇ
ਸਾਕ ਸਬੰਧੀਆਂ ਮਤਲਵ ਕੱਢ ਕੇ
ਆਪਣੇ ਬੂਹੇ ਢੋਏ
ਪੱਤਨੀ ਨਾਲ ਕਰ ਕੇ ਦੁੱਖ ਸੁੱਖ ਸਾਂਝਾ
ਕੁਝ ਕੁ ਸਫ਼ਰ ਮੁਕਾਇਆ
ਉਹਵੀ ਤੁਰ ਗਈ ਰੱਬ ਦੇ ਘਰਾਂ ਨੂੰ
ਮੂੰਹ ਚਿੱਟੀ ਚਾਦਰ ਵਿੱਚ ਲਕੋਇ
ਬਾਲ ਨਿਆਣਿਆਂ ਦੀ ਸੋਚ ਉਡਾਰੂ
ਕੋਇ ਨਾ ਦਰਦ ਵੰਡਾਏ
ਕੀਕਣ ਮਾਲੀ ਬਿਨ ਫੁਲਵਾੜੀ
ਭਾਲੇ ਫੁੱਲਾਂ ਦੀ ਖੁਸ਼ਬੋਈ
ਜਗ ਰਚਨਾ ਸਭ ਝੂਠ ਹੈ ਮਾਏਂ .
ਤੁਸਾਂ ਸੀ ਸੱਚ ਸੁਣਾਇਆ
ਅਸਾਂ ਨੇ ਤੇਰੀ ਇੱਕ ਨਾ ਮਾਣੀ
ਅੱਗੇ ਰੱਬ ਜਾਣੇ ਕੀ ਹੋਇ
ਇਨਸਾਨੀ ਜਾਮਾ ਤੰਨ ਹੰਢਾਇਆ
ਜੋ ਤਿੜਕਿਆ ਵਿੱਚ ਬੁਢਾਪੇ
ਤਪੀਆ ਔਗੁਣ ਭਰੇ ਸਰੀਰ ਨੂੰ ਬੰਦਾ
ਅੰਤ ਹੰਝੂਆਂ ਦੇ ਵਿੱਚ ਧੋਇ………
ਕੀਰਤ ਸਿੰਘ ਤਪੀਆ
ਅੰਮ੍ਰਿਤਸਰ